ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, September 19, 2012

ਜਿਥੇ ਸਿੱਖ ਇਤਿਹਾਸ ਦੀ ਪਹਿਲੀ ਜੰਗ ਦਾ ਮੁੱਢ ਬੱਝਾ ਗੁਰਦੁਆਰਾ ਸ੍ਰੀ ਪਲਾਹ ਸਾਹਿਬ


ਗੁਰਦੁਆਰਾ ਸ੍ਰੀ ਪਲਾਹ ਸਾਹਿਬ ਦੀ ਧਰਤੀ ਨੂੰ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸ੍ਰੀ ਅੰਮ੍ਰਿਤਸਰ ਦੀ ਕਚਹਿਰੀ 'ਤੋਂ 3 ਕੁ ਮੀਲ ਦੀ ਵਿੱਥ 'ਤੇ ਕੌਮਾਂਤਰੀ ਹਵਾਈ ਅੱਡਾ ਮਾਰਗ 'ਤੇ ਖੈਰਾਂਬਾਦ ਨੇੜੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਜਿਥੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦ ਸ਼ਿਕਾਰ ਖੇਡਣ ਚੜ੍ਹਿਆ ਕਰਦੇ ਸਨ ਤਾਂ ਪਲਾਹਾਂ ਦੇ ਸੰਘਣੇ ਦਰੱਖਤਾਂ ਦੀ ਠੰਢੀ ਛਾਂ ਹੇਠ ਆਰਾਮ ਕਰਿਆ ਕਰਦੇ ਸਨ। ਇਹ ਵਾਕਿਆ 1629 ਈਸਵੀ ਦਾ ਹੈ। ਗੁਰੂ ਜੀ ਆਪਣੇ ਸਿੰਘਾਂ ਦੇ ਨਾਲ ਸ਼ਿਕਾਰ ਖੇਡਣ ਇਸ ਅਸਥਾਨ 'ਤੇ ਆਏ ਤਾਂ ਸਬੱਬ ਨਾਲ ਮੁਗਲ ਬਾਦਸ਼ਾਹ ਸ਼ਾਹ ਜਹਾਨ ਵੀ ਨੇੜੇ ਹੀ ਪਿੰਡ ਗੁੰਮਟਾਲੇ ਦੀ ਜੂਹ ਵਿਚ ਠਹਿਰਿਆ ਹੋਇਆ ਸੀ। ਗੁਰੂ ਜੀ ਦੇ ਸਿੰਘਾਂ ਨੇ ਦੇਖਿਆ ਕਿ ਇਕ ਬਾਜ਼ ਬੜੀ ਬੇਰਹਿਮੀ ਨਾਲ ਚਿੜੀਆਂ ਨੂੰ ਕੋਹ-ਕੋਹ ਕੇ ਮਾਰ ਰਿਹਾ ਸੀ। ਇਹ ਬਾਜ਼ ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਬਾਜ਼ ਸੀ। ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਬਾਜ਼ ਛੱਡਿਆ, ਜੋ ਮੁਗਲ ਬਾਦਸ਼ਾਹ ਦੇ ਬਾਜ਼ ਨੂੰ ਘੇਰ ਲਿਆਇਆ ਤੇ ਸਿੰਘਾਂ ਨੇ ਬਾਜ਼ ਫੜ ਲਿਆ। ਉਧਰ ਜਦ ਬਾਦਸ਼ਾਹ ਦੇ ਸਿਪਾਹੀਆਂ ਨੂੰ ਇਹ ਪਤਾ ਲੱਗਾ ਤਾਂ ਉਹ ਬਹੁਤ ਲਾਲ-ਪੀਲੇ ਹੋਏ ਅਤੇ ਗੁੱਸੇ ਵਿਚ ਆ ਕੇ ਬਾਜ਼ ਵਾਪਸ ਮੰਗਿਆ। ਉਨ੍ਹਾਂ ਦੇ ਭੈੜੇ ਵਤੀਰੇ ਤੋਂ ਸਿੰਘਾਂ ਨੂੰ ਗੁੱਸਾ ਆ ਗਿਆ। ਸਿੰਘਾਂ ਨੇ ਕਿਹਾ ਕਿ ਤੁਸੀਂ ਬਾਜ਼ ਦੀ ਗੱਲ ਕਰਦੇ ਹੋ, ਅਸੀਂ ਅਜੇ ਤੁਹਾਡੇ ਤਾਜ ਨੂੰ ਵੀ ਹੱਥ ਪਾਉਣਾ ਹੈ। ਕ੍ਰੋਧ 'ਚ ਆਏ ਸਿਪਾਹੀਆਂ ਨੇ ਸਾਰੀ ਗਾਥਾ ਬਾਦਸ਼ਾਹ ਸ਼ਾਹਜਹਾਨ ਨੂੰ ਸੁਣਾਈ। ਉਸ ਨੇ ਗੁੱਸੇ 'ਚ ਆ ਕੇ ਆਪਣੇ ਜਰਨੈਲ ਮੁਖਲਸ ਖਾਨ ਦੀ ਕਮਾਨ ਹੇਠ ਫੌਜ ਗੁਰੂ ਜੀ ਨਾਲ ਲੜਨ ਲਈ ਭੇਜ ਦਿੱਤੀ। ਇਤਿਹਾਸਕਾਰ ਲਿਖਦੇ ਹਨ ਕਿ ਲੋਹਗੜ੍ਹ ਦੇ ਸਥਾਨ 'ਤੇ ਸਿੰਘਾਂ ਤੇ ਮੁਗਲਾਂ ਵਿਚਕਾਰ ਪਹਿਲਾ ਘਮਸਾਨ ਦਾ ਯੁੱਧ ਹੋਇਆ, ਜਿਸ 'ਚ ਮੁਖਲਸ ਖਾਨ ਮਾਰਿਆ ਗਿਆ ਅਤੇ ਸਿੰਘਾਂ ਦੀ ਫ਼ਤਹਿ ਹੋਈ। ਗੁਰਦੁਆਰਾ ਸ੍ਰੀ ਪਲਾਹ ਸਾਹਿਬ ਗੁਰੂ ਜੀ ਵਲੋਂ ਮੁਗਲ ਬਾਦਸ਼ਾਹਾਂ ਦੇ ਜਬਰ ਤੇ ਜ਼ੁਲਮ ਦੇ ਖਿਲਾਫ਼ ਛੇੜੀ ਪਹਿਲੀ ਜੰਗ ਦਾ ਪ੍ਰਤੀਕ ਹੈ। ਇਸ ਅਸਥਾਨ 'ਤੇ ਸਿੱਖ ਇਤਿਹਾਸ ਦੀ ਪਹਿਲੀ ਲੜਾਈ ਦਾ ਮੁੱਢ ਬੱਝਾ ਸੀ। ਹੁਣ ਇਸ ਅਸਥਾਨ 'ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਧਾਰਮਿਕ ਅਸਥਾਨ 'ਤੇ ਬਹੁਤ ਹੀ ਸੁੰਦਰ ਸਰਾਂ ਤੇ ਲੰਗਰ ਹਾਲ ਬਣਾਏ ਗਏ ਹਨ। ਇਸ ਪਵਿੱਤਰ ਅਸਥਾਨ 'ਤੇ ਹਰ ਸਾਲ ਪੋਹ ਸੁਦੀ ਪੰਜ ਅੱਸੂ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭ ਕੀਤੀ ਗਈ ਲੜੀ ਦੇ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਂਦੇ ਹਨ।

ਹਰਮਿੰਦਰ ਸਿੰਘ


Post Comment


ਗੁਰਸ਼ਾਮ ਸਿੰਘ ਚੀਮਾਂ