ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, September 20, 2012

ਸ਼ਹੀਦ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ

Bhai Subegh Singh and Shahbaz Singh

ਭਾਈ ਸੁਬੇਗ ਸਿੰਘ ਦਾ ਜਨਮ ਲਾਹੌਰ ਜ਼ਿਲ੍ਹੇ ਦੀ ਚੂਹਣੀਆਂ ਤਹਿਸੀਲ ਦੇ ਜੰਬਰ ਪਿੰਡ ਦੇ ਨਿਵਾਸੀ ਰਾਇ ਭਾਗਾ (ਸੰਧੂ) ਦੇ ਘਰ ਹੋਇਆ। ਅੱਜਕਲ ਜੰਬਰ ਪਿੰਡ ਪਾਕਿਸਤਾਨ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਕਸੂਰ ਵਿਚ ਹੈ, ਜੋ ਲਾਹੌਰ-ਮੁਲਤਾਨ ਸੜਕ 'ਤੇ ਫੇਰੂ ਤੋਂ ਅੱਗੇ ਛਾਂਗਾ ਮੋੜ ਉੱਤੇ ਅਬਾਦ ਹੈ। ਇਹ ਪਿੰਡ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਬਹਿੜਵਾਲ ਤੋਂ ਚੱਲ ਕੇ ਇੱਥੇ ਪਹੁੰਚੇ ਸਨ। ਇੱਥੇ ਗੁਰੂ ਸਾਹਿਬ ਜੀ ਨੇ ਭਾਈ ਕਿਦਾਰਾ, ਭਾਈ ਸਮੱਧੂ, ਭਾਈ ਮਖੰਡਾ, ਭਾਈ ਤੁਲਸਾ, ਭਾਈ ਲਾਲੂ ਆਦਿ ਸਿੱਖਾਂ ਨੂੰ ਚਰਨ ਪਾਹੁਲ ਦੇ ਕੇ ਗੁਰਸਿੱਖੀ ਬਖ਼ਸ਼ੀ ਸੀ। ਪਿੰਡ ਵਿਚ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਗੁਰਦੁਆਰਾ ਥੰਮ੍ਹ ਸਾਹਿਬ ਸੁਸ਼ੋਭਿਤ ਹੈ। ਭਾਈ ਸੁਬੇਗ ਸਿੰਘ ਜੀ ਦਾ ਘਰਾਣਾ ਸਰਕਾਰੀ ਠੇਕੇਦਾਰੀ ਦਾ ਕੰਮ ਕਰਦਾ ਸੀ। ਇਹ ਅਰਬੀ ਫ਼ਾਰਸੀ ਭਾਸ਼ਾ ਦੇ ਚੰਗੇ ਵਿਦਵਾਨਾਂ ਵਿਚ ਗਿਣੇ ਜਾਂਦੇ ਸਨ। ਸਰਕਾਰ ਵਿਚ ਇਨ੍ਹਾਂ ਦਾ ਚੰਗਾ ਮਾਨ ਸਨਮਾਨ ਸੀ। ਭਾਈ ਸੁਬੇਗ ਸਿੰਘ ਜੀ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਚੰਗੀ ਤਾਲੀਮ ਹਾਸਲ ਕਰਵਾਈ। ਉਸ ਨੇ ਵੀ ਆਪਣੇ ਪੁਰਖਿਆਂ ਵਾਂਗ ਸਰਕਾਰ ਤੋਂ ਠੇਕੇ ਲੈ ਕੇ ਆਪਣਾ ਕੰਮ ਬੜਾ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਨਾ ਸ਼ੁਰੂ ਕਰ ਦਿੱਤਾ। ਭਾਈ ਸੁਬੇਗ ਸਿੰਘ ਭਜਨ ਬੰਦਗੀ ਕਰਨ ਵਾਲੇ ਚੰਗੇ ਆਚਰਣ ਵਾਲੇ ਵਿਅਕਤੀ ਸਨ। ਇਨ੍ਹਾਂ ਦਾ ਸਿੱਖਾਂ ਦੇ ਮਨਾਂ ਵਿਚ ਬਹੁਤ ਆਦਰ ਸੀ। ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਜ਼ਿਕਰ ਹੈ ਕਿ :
ਤੁਰਕ ਉਸੇ ਖਾਲਸੋ ਵਲ ਤੋਰੈਂ, ਖਾਲਸਾ ਭੀ ਤਿਸ ਕੋ ਭਲ ਲੋਰੈਂ।
ਕੋਈ ਤੁਰਕਨ ਪਰੈ ਜ਼ਰੂਰੀ ਕਾਮ, ਤੌ ਉਸ ਭੇਜੈਂ ਕਰ ਕਰ ਸਲਾਮ।
ਭਾਈ ਸੁਬੇਗ ਸਿੰਘ ਦੇ ਘਰ ਭਾਈ ਸ਼ਾਹਬਾਜ ਸਿੰਘ ਨੇ ਜਨਮ ਲਿਆ। ਜਦੋਂ ਭਾਈ ਸ਼ਾਹਬਾਜ ਸਿੰਘ ਦੀ ਉਮਰ ਪੜ੍ਹਨਯੋਗ ਹੋ ਗਈ ਤਾਂ ਉਸ ਨੂੰ ਪੜ੍ਹਨ ਲਈ ਲਾਹੌਰ ਦੀ ਇਕ ਮਸਜਿਦ ਵਿਚ ਭੇਜਿਆ ਗਿਆ। ਭਾਈ ਸ਼ਾਹਬਾਜ ਸਿੰਘ ਬਹੁਤ ਹੀ ਸੂਝਵਾਨ ਸੀ। ਇਨ੍ਹਾਂ ਨੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਆਪਣੇ ਮਾਤਾ ਪਿਤਾ ਤੋਂ ਪ੍ਰਾਪਤ ਕੀਤੀ ਹੋਈ ਸੀ। 
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਬੜੀਆਂ ਕਠਿਨਾਈਆਂ ਵਿਚ ਸਮਾਂ ਕੱਟਦੇ ਆ ਰਹੇ ਸਨ। ਸਿੱਖਾਂ 'ਤੇ ਹਕੂਮਤ ਦਾ ਕਹਿਰ ਟੁੱਟ ਪਿਆ ਸੀ। ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾਉਣ ਲਈ ਢੰਡੋਰੇ ਪਿੱਟੇ ਜਾ ਰਹੇ ਸਨ। ਜਦੋਂ ਸਿੱਖਾਂ 'ਤੇ ਇਹ ਭਿਆਨਕ ਸਮਾਂ ਚੱਲ ਰਿਹਾ ਸੀ ਤਾਂ ਉਸ ਸਮੇਂ ਕੁਝ ਇਸਲਾਮਿਕ ਫਿਰਕੇ ਵੀ ਰਾਜਸੀ ਨੀਤੀਆਂ ਤੋਂ ਤੰਗ ਪ੍ਰੇਸ਼ਾਨ ਸਨ। ਜਿਸ ਦੇ ਸਿੱਟੇ ਵਜੋਂ ਕਈ ਰਿਆਸਤਾਂ ਦੇ ਸੱਯਦਾਂ ਨੇ ਬਗਾਵਤ ਕਰ ਦਿੱਤੀ। ਬਾਦਸ਼ਾਹ ਫਰੁੱਖਸੀਅਰ ਇਸ ਬਗਾਵਤ ਨੂੰ ਦਬਾਉਣ ਵਿਚ ਰੁੱਝ ਗਿਆ। ਇਹ ਸਿੱਖਾਂ ਲਈ ਸੁਨਹਿਰੀ ਮੌਕਾ ਸੀ। ਉਹ ਜੰਗਲਾਂ-ਪਹਾੜਾਂ 'ਚੋਂ ਨਿਕਲ ਕੇ ਮੈਦਾਨ ਵਿਚ ਆ ਕੇ ਆਪਣੇ ਗੁਰੂ ਘਰਾਂ ਦੀ ਸਾਂਭ -ਸੰਭਾਲ ਕਰਨ ਲੱਗ ਪਏ। ਸਿੱਖਾਂ ਨੇ 1781 ਬਿਕ੍ਰਮੀ (1724 ਈ:) ਦੀ ਵੈਸਾਖੀ ਸ੍ਰੀ ਅੰਮ੍ਰਿਤਸਰ ਵਿਖੇ ਖੁੱਲ੍ਹ ਕੇ ਮਨਾਈ ਜਿਸ ਵਿਚ ਭਾਰੀ ਇਕੱਠ ਹੋਇਆ। ਇਸ ਸਮੇਂ ਦੌਰਾਨ ਸਿੰਘਾਂ ਦੀ ਭਾਈ ਤਾਰਾ ਸਿੰਘ ਵਾਂ ਦੀ ਜਥੇਦਾਰੀ ਹੇਠ ਸ਼ਾਹੀ ਫੌਜਾਂ ਨਾਲ ਝੜਪ ਹੋਈ ਜਿਸ ਵਿਚ ਭਾਈ ਤਾਰਾ ਸਿੰਘ ਵਾਂ ਸ਼ਹੀਦੀ ਪ੍ਰਾਪਤ ਕਰ ਗਏ। ਇਸ ਤੋਂ ਬਾਅਦ ਸਿੰਘਾਂ ਨੇ ਸ਼ਾਹੀ ਫੌਜਾਂ 'ਤੇ ਅਚਾਨਕ ਹੱਲੇ ਕਰਨੇ ਸ਼ੁਰੂ ਕਰ ਦਿੱਤੇ। ਸਿੰਘਾਂ ਦੇ ਅਚਨਚੇਤ ਹੱਲਿਆਂ ਤੋਂ ਤੰਗ ਆ ਕੇ ਸੰਨ 1733 ਈ: ਵਿਚ ਜ਼ਕਰੀਆ ਖ਼ਾਂ ਨੇ ਸਿੱਖਾਂ ਪ੍ਰਤੀ ਸਖ਼ਤੀ ਬਾਰੇ ਅਤੇ ਆਪਣੀਆਂ ਮੁਸ਼ਕਲਾਂ ਬਾਰੇ ਲਾਹੌਰ ਤੋਂ ਦਿੱਲੀ ਦੇ ਬਾਦਸ਼ਾਹ ਨੂੰ ਲਿਖ ਭੇਜਿਆ। ਉਸ ਨੇ ਭਾਈ ਸੁਬੇਗ ਸਿੰਘ ਦੀ ਸਲਾਹ ਨਾਲ ਸੁਝਾਅ ਲਿਖਿਆ ਕਿ ਸਿੱਖਾਂ ਨੂੰ ਜਗੀਰ ਦੇ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਕਿਸੇ ਬੰਦੇ ਨੂੰ ਨਵਾਬ ਚੁਣ ਕੇ ਨਾਲ ਰਲਾ ਲਿਆ ਜਾਵੇ। ਬਾਦਸ਼ਾਹ ਨੇ ਜ਼ਕਰੀਆਂ ਖ਼ਾਂ ਦੀ ਸਲਾਹ ਮੰਨ ਲਈ।
ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਸਮਝੌਤਾ ਕਰਨ ਲਈ ਇੱਕ ਲੱਖ ਰੁਪਏ ਦੀ ਜਗੀਰ, ਨਵਾਬੀ ਦਾ ਖ਼ਿਤਾਬ ਅਤੇ ਖ਼ਿੱਲਤ ਨਜ਼ਰਾਨੇ ਆਦਿ ਦੇਣ ਦਾ ਫੈਸਲਾ ਕੀਤਾ। ਇਸ ਕੰਮ ਲਈ ਭਾਈ ਸੁਬੇਗ ਸਿੰਘ ਨੂੰ ਆਪਣਾ ਵਕੀਲ ਬਣਾ ਕੇ ਸ੍ਰੀ ਅੰਮ੍ਰਿਤਸਰ ਖਾਲਸੇ ਦੀ ਕਚਹਿਰੀ ਵਿਚ ਭੇਜਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਧੀਨ ਇਕੱਠੇ ਹੋਏ ਖਾਲਸਾ ਪੰਥ ਨੇ ਪਹਿਲਾਂ ਤਾਂ ਇਹ ਸਭ ਕੁਝ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ। ਇਸ ਬਾਰੇ ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਜ਼ਿਕਰ ਹੈ ਕਿ :
ਹਮ ਕੋ ਸਤਿਗੁਰ ਬਚਨ ਪਤਿਸ਼ਾਹੀ,
ਹਮ ਕੋ ਜਾਪਤ ਢਿਗ ਸੋਊ ਆਹੀ£36£
ਹਮ ਰਾਖਤ ਪਾਤਿਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ।
ਜੋ ਸਤਿਗੁਰ ਸਿੱਖਨ ਕਹੀ ਬਾਤ, ਹੋਗੁ ਸਾਈ ਨਹਿਂ ਖਾਲੀ ਜਾਤ£ 37£
ਪਰ ਭਾਈ ਸੁਬੇਗ ਸਿੰਘ ਦੇ ਬਾਰ-ਬਾਰ ਕਹਿਣ ਅਤੇ ਸਮਝਾਉਣ 'ਤੇ ਸਿੱਖਾਂ ਨੇ
ਨਵਾਬੀ ਲੈਣੀ ਕਬੂਲ ਕਰ ਲਈ। ਕੋਈ ਵੀ ਸਿੱਖ ਆਪਣੇ ਨਾਂ 'ਤੇ ਨਵਾਬੀ ਲੈਣ ਲਈ ਤਿਆਰ ਨਹੀਂ ਸੀ। ਅੰਤ ਵਿਚ ਸਾਰੇ ਸਿੱਖਾਂ ਨੇ ਮਤਾ ਪਕਾ ਕੇ ਸਰਦਾਰ ਕਪੂਰ ਸਿੰਘ ਫੈਜ਼ਲਪੁਰੀਏ ਨੂੰ ਨਵਾਬ ਦੀ ਪਦਵੀ ਲੈਣ ਲਈ ਕਿਹਾ। ਸਰਦਾਰ ਕਪੂਰ ਸਿੰਘ ਜੀ ਨੇ ਖਾਲਸੇ ਦੀ ਆਗਿਆ ਨਾਲ ਪੰਜ ਸਿੰਘਾਂ ਦੇ ਚਰਨਾਂ ਨੂੰ ਨਵਾਬੀ ਦੀ ਖ਼ਿੱਲਤ ਛੁਹਾ ਕੇਕਬੂਲ ਕਰ ਲਈ। ਇਸ ਦੇ ਨਾਲ ਹੀ ਖਾਲਸੇ ਨੂੰ ਦੀਪਾਲਪੁਰ, ਕੰਗਣਵਾਲ, ਝਬਾਲ ਦੇ ਪਰਗਣਿਆਂ ਦੀ ਜਗੀਰ ਦਿੱਤੀ ਗਈ। ਇਸ ਵਿੱਚੋਂ ਇੱਕ ਲੱਖ ਰੁਪਈਆ ਸਲਾਨਾ ਦੀ ਆਮਦਨ ਸੀ। ਸ੍ਰੀ ਗੁਰ ਪੰਥ ਪ੍ਰਕਾਸ਼ ਅਨੁਸਾਰ :
ਸਿੰਘ ਕਪੂਰ ਝਲੈ ਪੱਖੋ ਥੋਈ। ਕ੍ਰਿਪਾ ਨਜ਼ਰ ਪੰਥ ਉਸ ਵਲ ਹੋਈ।...
ਪੰਚ ਭੁਜੰਗੀਅਨ ਚਰਨੀ ਛੁਹਾਇ। ਧਰੋ ਸੀਸ ਮੋਹਿ ਪਵਿਤ੍ਰ ਕਰਾਇ£47£
ਭਾਈ ਸੁਬੇਗ ਸਿੰਘ ਦੇ ਯਤਨਾਂ ਸਦਕਾ ਕੁਝ ਸਮੇਂ ਲਈ ਪੰਜਾਬ ਦੇ ਮਾਹੌਲ ਵਿਚ ਸ਼ਾਂਤੀ ਆ ਗਈ। ਭਾਈ ਸੁਬੇਗ ਸਿੰਘ ਨੂੰ ਸੂਬੇਦਾਰ ਜ਼ਕਰੀਆ ਖ਼ਾਂ ਨੇ ਲਾਹੌਰ ਦੇ ਕੋਤਵਾਲ ਦੇ ਅਹੁਦੇ 'ਤੇ ਤਾਇਨਾਤ ਕਰ ਦਿੱਤਾ। ਭਾਈ ਸੁਬੇਗ ਸਿੰਘ ਨੇ ਕੋਤਵਾਲ ਬਣਨ 'ਤੇ ਲੋਕਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਸਜ਼ਾ ਬੰਦ ਕਰ ਦਿੱਤੀ। ਮੌਤ ਦੀ ਸਜ਼ਾ ਖਾਸ ਹਾਲਤਾਂ ਵਿਚ ਹੀ ਸਿਰਫ ਫਾਂਸੀ, ਕਤਲ ਜਾਂ ਤੋਪ ਅੱਗੇ ਬੰਨ ਕੇ ਉਡਾ ਦੇਣ ਦੀ ਹੀ ਜਾਰੀ ਰੱਖੀ। ਸ਼ਹੀਦ ਸਿੰਘਾਂ ਦੇ ਸਿਰ ਜੋ ਕਿਲ੍ਹੇ ਦੀਆਂ ਦੀਵਾਰਾਂ 'ਤੇ ਮੀਨਾਰਾਂ ਵਾਂਗ ਚਿਣੇ ਹੋਏ ਸਨ ਜਾਂ ਖੂਹਾਂ ਵਿਚ ਸੁੱਟੇ ਹੋਏ ਸਨ ਸਾਰਿਆਂ ਨੂੰ ਕਢਵਾ ਕੇ ਉਨ੍ਹਾਂ ਦਾ ਅੰਤਮ ਸਸਕਾਰ ਕਰਵਾ ਦਿੱਤਾ। ਸ਼ਹਿਰ ਵਿਚ ਸ਼ਰ-ਏ-ਆਮ ਗਊਆਂ
ਵੱਢਣ 'ਤੇ ਪਾਬੰਦੀ ਲਗਾ ਦਿੱਤੀ ਅਤੇ ਹੋਰ ਬਹੁਤ ਸਾਰੀਆਂ ਭੈੜੀਆਂ ਰੀਤਾਂ ਬੰਦ ਕਰਵਾ ਦਿੱਤੀਆਂ। ਇਨ੍ਹਾਂ ਨੇ ਸਾਲ ਭਰ ਆਪਣਾ ਕੰਮ ਬੜੀ ਮਿਹਨਤ, ਇਮਾਨਦਾਰੀ ਅਤੇ ਨਿਆਂ ਪੂਰਵਕ ਢੰਗ ਨਾਲ ਕੀਤਾ। ਇਨ੍ਹਾਂ ਦੇ ਕੰਮ ਕਰਨ ਦੇ ਢੰਗ ਤੋਂ ਲਾਹੌਰ ਦੇ ਵਸਨੀਕ ਬੜੇ ਖੁਸ਼ ਸਨ। ਜਦੋਂ ਲਾਹੌਰ ਵਿਚ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ ਤਾਂ ਇਨ੍ਹਾਂ ਦਾ ਮਨ ਬੜਾ ਦੁਖੀ ਹੁੰਦਾ ਸੀ। ਇਹ ਲੋਕ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਇਕੱਠੀਆਂ ਕਰ ਕੇ ਅੰਤਮ ਸਸਕਾਰ ਕਰ ਦਿੰਦੇ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਦੀ ਨਿਸ਼ਾਨਦੇਹੀ ਕਰ ਦਿੰਦੇ ਸਨ। ਭਾਈ ਸੁਬੇਗ ਸਿੰਘ ਨੇ ਲਾਹੌਰ ਵਿਖੇ ਇਹੋ ਜਿਹੀਆਂ ਨਿਸ਼ਾਨਦੇਹੀਆਂ 'ਤੇ ਸਿੱਖਾਂ ਦੀਆਂ ਕਈ ਯਾਦਗਾਰਾਂ ਵੀ ਤਾਮੀਰ ਕਰਵਾਈਆਂ। 
ਸੰਨ 1745 ਈ: ਵਿਚ ਜ਼ਕਰੀਆਂ ਖ਼ਾਂ ਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਯਹੀਆਂ ਖ਼ਾਂ ਨੂੰ ਨਿਯੁਕਤ ਕੀਤਾ ਗਿਆ। ਯਹੀਆ ਖ਼ਾਂ ਨੇ ਫੇਰ ਤੋਂ ਸਿੱਖਾਂ 'ਤੇ ਅਤਿਆਚਾਰ ਸ਼ੁਰੂ ਕਰ ਦਿੱਤੇ। ਉਹ ਸ਼ੁਰੂ ਤੋਂ ਹੀ ਭਾਈ ਸੁਬੇਗ ਸਿੰਘ ਨਾਲ ਨਫਰਤ ਕਰਦਾ ਸੀ। ਉਸ ਨੇ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ। 
ਜਿਸ ਮਸਜਿਦ ਵਿਚ ਭਾਈ ਸ਼ਾਹਬਾਜ ਸਿੰਘ ਜੀ ਵਿੱਦਿਆ ਹਾਸਲ ਕਰਨ ਲਈ ਜਾਂਦੇ ਸਨ ਉੱਥੇ ਇੱਕ ਦਿਨ ਬਹਿਸ ਦੌਰਾਨ ਆਪ ਨੇ ਸਿੱਖ ਧਰਮ ਬਾਰੇ ਆਪਣੇ ਵਿਚਾਰ ਪੇਸ਼ ਕਰ ਕੇ ਸਾਰਿਆਂ ਨੂੰ ਆਪਣੀ ਯੋਗਤਾ ਦਾ ਲੋਹਾ ਮੰਨਣ ਲਈ ਮਜ਼ਬੂਰ ਕਰ ਦਿੱਤਾ। ਇਸ ਗਿਆਨ ਚਰਚਾ ਵਿਚ ਬਹੁਤ ਸਾਰੇ ਵਿਦਵਾਨਾਂ ਨੂੰ ਮੂੰਹ ਦੀ ਖਾਣੀ ਪਈ। ਇਸ ਦੀ ਖ਼ਬਰ ਮੌਲਵੀ ਤਕ ਵੀ ਪਹੁੰਚੀ। ਮੌਲਵੀ ਨੇ ਭਾਈ ਸ਼ਾਹਬਾਜ ਸਿੰਘ ਨੂੰ ਮੁਸਲਮਾਨ ਬਣਨ ਲਈ ਜ਼ੋਰ ਪਾਇਆ। ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਪਰ ਉਹ ਟਸ ਤੋਂ ਮਸ ਨਾ ਹੋਇਆ। 
ਮੌਲਵੀ ਨੇ ਸੂਬੇਦਾਰ ਯਹੀਆ ਖ਼ਾਂ ਅੱਗੇ ਸ਼ਕਾਇਤ ਕਰ ਦਿੱਤੀ। ਯਹੀਆ ਖ਼ਾਂ ਨੇ ਤਫਤੀਸ਼ ਕਰਨ ਲਈ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ ਨੂੰ ਕਚਹਿਰੀ ਵਿਚ ਪੇਸ਼ ਹੋਣ ਦਾ ਹੁਕਮ ਕੀਤਾ। ਸੂਬੇਦਾਰ ਨੇ ਵੀ ਇਸ ਨੂੰ ਮੁਸਲਮਾਨ ਧਰਮ ਧਾਰਨ ਕਰਨ ਲਈ ਮਨਾਉਣ ਦੇ ਬਹੁਤ ਯਤਨ ਕੀਤੇ, ਪਰ ਭਾਈ ਸ਼ਾਹਬਾਜ ਸਿੰਘ ਨਾ ਮੰਨਿਆ। ਭਾਈ ਰਤਨ ਸਿੰਘ (ਭੰਗੂ) ਪੰਥ ਪ੍ਰਕਾਸ਼ ਵਿਚ ਲਿਖਦੇ ਹਨ :
ਜੈਸੇ ਤੁਮੈ ਦੀਨ ਹੈ ਪਯਾਰਾ। ਤੈਸੇ ਹੀ ਹੈ ਧਰਮ ਹਮਾਰਾ।
ਸਿੱਖਾਂ ਦੀ ਮਦਦ ਕਰਨ ਦੇ ਦੋਸ਼ ਵਿਚ ਭਾਈ ਸੁਬੇਗ ਸਿੰਘ ਨੂੰ ਵੀ ਕੈਦ ਕਰ ਲਿਆ ਗਿਆ।
ਸੁਬੇਗ ਸਿੰਘ ਫੜ ਜੰਬਰੋਂ ਮੰਗਾਯਾ। ਤਿਸਕਾ ਬੇਟਾ ਸਾਥ ਫੜਾਯਾ।
ਇਨ੍ਹਾਂ 'ਤੇ ਮੁਸਲਮਾਨ ਧਰਮ ਧਾਰਨ ਕਰਨ ਲਈ ਜ਼ੋਰ ਪਾਇਆ ਗਿਆ। ਪੰਥ ਪ੍ਰਕਾਸ਼ ਅਨੁਸਾਰ :
ਕਹਯੋ ਨ੍ਵਾਬ ਤੁਮ ਆਵੋ ਦੀਨ, ਲੇਵੋ ਦਾਮ ਔ ਕਾਮ ਔ ਜ਼ਮੀਨ£7£
ਨਹੀਂ ਤੋ ਮਰਨੋਂ ਕਰ ਮਨਜ਼ੂਰ, ਚੜ੍ਹੋ ਚਰਖ ਗਿਰ ਹੋਵੋ ਚੂਰ।
ਅੰਤ ਵਿਚ ਇਨ੍ਹਾਂ ਦੋਵੇਂ ਪਿਉ-ਪੁੱਤਰਾਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਹੀਲਾ-ਵਸੀਲਾ ਵਰਤਿਆ ਗਿਆ ਪਰ ਇਹ ਦੋਵੇਂ ਸੂਰਮੇ ਆਪਣੇ ਧਰਮ 'ਤੇ ਡਟੇ ਰਹੇ। ਹਰ ਤਰ੍ਹਾਂ ਦੇ ਤਸੀਹੇ ਝੱਲਣ ਲਈ ਤਿਆਰ ਹੋ ਗਏ। ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ ਸਿੰਘ ਨੇ ਹਾਕਮਾਂ ਨੂੰ ਕਿਹਾ, ਕਿ ਜਿਸ ਤਰ੍ਹਾਂ ਤੁਹਾਨੂੰ ਆਪਣਾ ਧਰਮ ਪਿਆਰਾ ਹੈ, ਉਸੇ ਤਰ੍ਹਾਂ ਸਾਨੂੰ ਵੀ ਆਪਣਾ ਧਰਮ ਪਿਆਰਾ ਹੈ। ਮੌਤ ਦਾ ਸਾਨੂੰ ਕੋਈ ਡਰ ਨਹੀਂ ਮੌਤ ਨੇ ਤਾਂ ਆਉਣਾ ਹੀ ਆਉਣਾ ਹੈ ਧਰਮ ਤਬਦੀਲ ਕਰਨ ਨਾਲ ਵੀ ਮੌਤ ਨੇ ਤਾਂ ਟਲ ਨਹੀਂ ਜਾਣਾ ਤਾਂ ਫੇਰ ਆਪਣੀ ਜ਼ਮੀਰ ਨੂੰ ਮਾਰ ਕੇ ਜੀਣਾ ਕਿਸ ਕੰਮ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ :
ਤੁਰਕ ਭਏ ਜੇ ਮਰੈਨ ਕਬਹੀ ਤੌ ਹਮ ਤੁਰਕ ਬਨੈਹੈਂ।
ਮੌਤ ਰਹੇ ਜੇ ਤਹਿ ਭੀ ਸਿਰ ਪਰ ਤੋ ਕਯੋਂ ਧਰਮ ਤਜੈਹੈਂ।
ਤਵਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਭਾਈ ਸੁਬੇਗ ਸਿੰਘ ਜੀ ਤੇ ਭਾਈ ਸ਼ਾਹਬਾਜ ਸਿੰਘ ਨੂੰ ਚਰਖੜੀਆਂ 'ਤੇ ਚੜ੍ਹਾਉਣ ਤੋਂ ਪਹਿਲਾਂ ਅੰਤਾਂ ਦੇ ਤਸੀਹੇ ਦਿੱਤੇ ਗਏ। ਉਨ੍ਹਾਂ ਨੂੰ ਨੰਗਾ ਕਰ ਕੇ ਪੁੱਠਾ ਲਟਕਾਇਆ ਗਿਆ। ਕੋੜੇ ਮਾਰੇ ਗਏ ਅਤੇ ਹੋਰ ਕਈ ਤਰ੍ਹਾਂ ਦੇ ਕਸ਼ਟ ਦਿੱਤੇ ਗਏ।
ਯਹੀਆ ਖ਼ਾਂ ਨੇ ਇਨ੍ਹਾਂ ਨੂੰ ਚਰਖੜੀ ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਫੁਰਮਾਨ ਕਾਜ਼ੀ ਰਾਹੀਂ ਜਾਰੀ ਕਰਵਾ ਦਿੱਤਾ। ਭਾਈ ਸੁਬੇਗ ਸਿੰਘ ਜੀ 'ਤੇ ਕੋਈ ਸਖਤੀ ਨਾ ਚਲਦੀ ਦੇਖ ਕੇ ਨਵਾਬ ਨੇ ਭਾਈ ਸੁਬੇਗ ਸਿੰਘ ਨੂੰ ਚਰਖੜੀ ਤੋਂ ਉਤਾਰ ਕੇ ਉਸ ਦੇ ਨੌਜਵਾਨ ਸਪੁੱਤਰ ਭਾਈ ਸ਼ਾਹਬਾਜ ਸਿੰਘ ਨੂੰ ਪਹਿਲਾਂ ਚਰਖੜੀ 'ਤੇ ਚਾੜ ਕੇ ਤਸੀਹੇ ਦੇਣ ਦਾ ਹੁਕਮ ਦਿੱਤਾ। ਭਾਈ ਰਤਨ ਸਿੰਘ (ਭੰਗੂ) ਅਨੁਸਾਰ :
ਤਬ ਨਵਾਬ ਐਸੇ ਕਹਯੋ, ਯਾ ਕੋ ਲੇਹੁ ਉਤਾਰ।
ਯਾਕੇ ਬੇਟੇ ਕੋ ਟੰਗਯੋ, ਯਾਹੂ ਕੋ ਜੁ ਦਿਖਾਰ£16£
ਜਲਾਦਾਂ ਨੇ ਭਾਈ ਸੁਬੇਗ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਭਾਈ ਸ਼ਾਹਬਾਜ ਸਿੰਘ ਨੂੰ ਚਰਖੜੀ 'ਤੇ ਚਾੜ੍ਹ ਕੇ ਘੁਮਾਇਆ। ਇਨ੍ਹਾਂ ਦੋਹਾਂ ਗੁਰਸਿੱਖਾਂ ਨੇ ਅਕਾਲ ਪੁਰਖ ਦੇ ਭਾਣੇ ਅੰਦਰ ਸਿਮਰਨ ਕਰਦਿਆਂ ਸਾਰੇ ਤਸੀਹੇ ਝੱਲੇ। ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਜ਼ਿਕਰ ਹੈ ਕਿ :
ਉਚੇ ਚਾੜ੍ਹ ਫਿਰ ਬਹੁਤ ਘੁਮਾਯਾ, ਵਾਹਿਗੁਰੂ ਤਿਨ ਨਾਂਹਿ ਭੁਲਾਯਾ।
ਜਯੋਂ ਜਯੋਂ ਮੁਖ ਤੇ ਗੁਰੂ ਉਚਾਰੇ, ਅਕਾਲ ਅਕਾਲ ਕਰ ਊਚ ਪੁਕਾਰੇ£14£
ਚਰਖੜੀ ਦੀ ਦੋ ਵਾਰ ਦੀ ਮਾਰ ਨਾਲ ਉਨ੍ਹਾਂ ਦਾ ਸਾਰਾ ਸਰੀਰ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦਾ ਮਾਸ ਜ਼ੰਬੂਰਾਂ ਨਾਲ ਤੋੜਿਆ ਗਿਆ। ਅਜਿਹੇ ਦਰਦਨਾਕ ਤਸੀਹਿਆਂ ਨੂੰ ਦੇਖ ਕੇ ਹਰ ਇਕ ਨੇ ਮੂੰਹ ਵਿਚ ਉਂਗਲ ਪਾਈ ਹੋਈ ਸੀ। ਜਲਾਦ ਤਸੀਹੇ ਦੇ-ਦੇ ਕੇ ਥੱਕ ਚੁੱਕੇ ਸਨ। ਹਾਰ ਕੇ ਭਾਈ ਸ਼ਾਹਬਾਜ ਸਿੰਘ ਨੂੰ ਬੰਦੀ-ਖਾਨੇ ਵਿਚ ਭੇਜ ਦਿੱਤਾ ਗਿਆ।
ਇਕ ਨਵੀਂ ਚਾਲ ਰਾਹੀਂ ਦੋਵੇਂ ਪਿਉ-ਪੁੱਤਰਾਂ ਨੂੰ ਇਕ ਦੂਜੇ ਨਾਲੋਂ ਵੱਖ-ਵੱਖ ਕਰ ਕੇ ਇਹ ਅਫਵਾਹਾਂ ਉਡਾਈਆ ਗਈਆਂ ਕਿ ਉਨ੍ਹਾਂ ਨੇ ਤਾਂ ਇਸਲਾਮ ਕਬੂਲ ਕਰ ਲਿਆ ਹੈ। ਭਾਈ ਸ਼ਾਹਬਾਜ ਸਿੰਘ ਨੂੰ ਕਿਹਾ ਗਿਆ, ਕਿ ਤੂੰ ਅੱਜੇ ਬੱਚਾ ਹੈ। ਤੇਰੀ ਉਮਰ ਦੁਨੀਆਂ ਦੇਖਣ ਦੀ ਹੈ। ਤੇਰੇ ਪਿਤਾ ਨੇ ਤਾਂ ਆਪਣੀ ਉਮਰ ਹੰਡਾ ਲਈ ਹੈ, ਤੂੰ ਸਿਆਣਾ ਤੇ ਫ਼ਾਰਸੀ ਪੜਿਆ ਹੋਇਆ ਹੈ, ਇਸ ਲਈ ਤੈਨੂੰ ਹਠ ਛੱਡ ਕੇ ਇਸਲਾਮ ਕਬੂਲ ਕਰ ਲੈਣਾ ਚਾਹੀਦਾ ਹੈ। ਪੰਥ ਪ੍ਰਕਾਸ਼ ਵਿਚ ਜ਼ਿਕਰ ਕੀਤਾ ਗਿਆ ਹੈ ਕਿ : 
ਦੀਨ ਮੁਹੰਮਦੀ ਕਰ ਕਬੂਲ ਤੂੰ ਸਰਦਾਰੀ ਬਡ ਪਾਹੈਂ।
ਤੂੰਤੋ ਪਢਯੋ ਫਾਰਸੀ ਅਰਬੀ ਬੁੱਧੀਵਾਨ ਦਿਸੈਹੈਂ।
ਅਭਿ ਨਵੇਸ ਕਾਲੇਸ ਏਹੁ ਹਠ ਛੋਡ ਕਯੋਨ ਸੁਖ ਲੈਹੈਂ।
ਖਾਇ ਪੈਨ ਲਿਯ ਪਿਦਰ ਤੁਮਾਰੇ ਬੂਢਾ ਮਰਨੋਂ ਚੈਹੈਂ।
ਖਾਂਣ ਪੀਣ ਦੀ ਉਮਰ ਤੁਮਾਰੀ ਤੂੰ ਕਯੋਂ ਜਿੰਦੜੀ ਦੈਹੈਂ।
ਮਜਬ ਧਰਮ ਪਰ ਮੂਰਖ ਮਰਹੈਂ ਚਤ੍ਰਨ ਮਰਤੇ ਕੋਹੈ।
ਭਾਈ ਸੁਬੇਗ ਸਿੰਘ 'ਤੇ ਜ਼ੋਰ ਪਾਇਆ ਗਿਆ ਕਿ ਇਸਲਾਮ ਕਬੂਲ ਕਰ ਕੇ ਦੁਨੀਆਂ ਵਿਚ ਆਪਣੀ ਜੜ੍ਹ ਬਣਾਈ ਰੱਖੇ। ਇਕਲੌਤੇ ਪੁੱਤਰ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਦੁਨੀਆਂ ਵਿਚ ਉਨ੍ਹਾਂ ਦੇ ਪਿੱਛੇ ਕੋਈ ਨਾਂ ਲੈਣ ਵਾਲਾ ਵੀ ਨਹੀਂ ਬਚੇਗਾ। ਭਾਈ ਸੁਬੇਗ ਸਿੰਘ ਨੇ ਧਰਮ ਗਵਾ ਕੇ ਮਰ-ਮਰ ਕੇ ਜੀਉਂਦੇ ਰਹਿਣ ਨਾਲੋਂ ਅਣਖ ਨਾਲ ਧਰਮ 'ਤੇ ਦ੍ਰਿੜ੍ਹ ਰਹਿੰਦੇ ਹੋਏ ਮਰਨ ਨੂੰ ਤਰਜੀਹ ਦਿੱਤੀ। ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਦੱਸਿਆ ਗਿਆ ਹੈ ਕਿ :
ਸਿੱਖਨ ਕਾਜ ਸੁ ਗੁਰੂ ਹਮਾਰੇ, ਸੀਸ ਦੀਓ ਨਿਜ ਸਨ ਪਰਵਾਰੈ£27£
ਚਾਰੇ ਪੁਤਰ ਜਾਨ ਕੁਹਾਏ, ਸੋ ਚੰਡੀ ਕੀ ਭੇਂਟ ਕਰਾਏ।
ਹਮ ਕਾਰਨ ਗੁਰ ਕੁਲਹਿ ਗਵਾਈ, ਹਮ ਕੁਲ ਰਾਖੈਂ ਕੌਣ ਬਡਾਈ£28£
ਅਰਥਾਤ ਗੁਰੂ ਸਾਹਿਬਾਨ ਨੇ ਸਾਡੇ ਲਈ ਚਾਰੇ ਪੁੱਤਰ ਕੁਰਬਾਨ ਕਰ ਦਿੱਤੇ, ਸਰਬੰਸ ਵਾਰ ਦਿੱਤਾ। ਮੈਂ ਆਪਣੀ ਕੁਲ ਰੱਖਾਂ; ਇਹ ਕਿਹੜੀ ਕੁਲ ਦੀ ਵਡਿਆਈ ਹੈ? ਭਾਈ ਸੁਬੇਗ ਸਿੰਘ ਦਾ ਉੱਤਰ ਸੁਣ ਕੇ ਤਸੀਹਿਆਂ ਦਾ ਦੌਰ ਫੇਰ ਤੋਂ ਸ਼ੁਰੂ ਹੋ ਗਿਆ। ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ ਗਈ। ਦੋਵਾਂ ਪਿਉ-ਪੁੱਤਰਾਂ ਨੂੰ ਇਕੱਠਿਆਂ ਬੰਨ ਕੇ ਚਰਖੜੀ 'ਤੇ ਚਾੜ੍ਹ ਕੇ ਘੁਮਾਇਆ ਗਿਆ। ਦੋਹਾਂ ਨੂੰ ਆਖਰੀ ਦਮ ਤਕ ਚਰਖੜੀ ਘੁੰਮਾਉਂਦੇ ਹੋਏ ਇਸਲਾਮ ਕਬੂਲ ਕਰਨ ਲਈ ਕਿਹਾ ਜਾਂਦਾ ਰਿਹਾ। ਪਰ ਇਹ ਦੋਵੇਂ ਪਿਉ-ਪੁੱਤਰ ਆਖਰੀ ਦਮ ਤਕ ਇਹੋ ਬੋਲਦੇ ਰਹੇ ਕਿ :
ਸੁਬੇਗ ਸਿੰਘ ਤਬ ਕੁਰਨਸ਼ ਕਰੀ, ਧੰਨ ਚਰਖੜੀ ਧੰਨ ਯਹ ਘਰੀ£8£
ਚਾੜ੍ਹ ਚਰਖੜੀ ਹਮੈਂ ਗਿਰਾਵੋ, ਸੋ ਅਬ ਹਮ ਕੋ ਢੀਲ ਨਾ ਲਾਵੋ।
ਹਮ ਤੋ ਗੁਰ ਕੇ ਸਿੱਖ ਸਦਾਵੈਂ, ਗੁਰ ਕੇ ਹੇਤ ਪ੍ਰਾਣ ਭਲ ਜਾਵੈਂ£9£
(ਸ੍ਰੀ ਗੁਰ ਪੰਥ ਪ੍ਰਕਾਸ਼)
ਇਹ ਘਟਨਾ ਸੰਨ 1745 ਈ: ਦੀ ਹੈ ਜਦੋਂ ਦੋਵੇਂ ਪਿਉ-ਪੁੱਤਰਾਂ ਨੂੰ ਲਾਹੌਰ ਅੰਦਰ ਚਰਖੜੀਆਂ ਉੱਪਰ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸ਼ਾਹਬਾਜ ਸਿੰਘ ਦੀ ਉਮਰ ਉਸ ਸਮੇਂ ਕੇਵਲ 18 ਸਾਲ ਦੀ ਸੀ। ਭਾਈ ਰਤਨ ਸਿੰਘ (ਭੰਗੂ) ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਲਿਖਦੇ ਹਨ :
ਸੂਬੇਗ ਸਿੰਘ ਜੰਬਰ ਸੁਤ ਨਾਲ। ਚੜ੍ਹਦੈ ਚਰਖ ਜਿਨ ਜਪਯੋ ਅਕਾਲ।
ਧਨ ਧਨ ਵੈ ਜਿਨ ਸਿਦਕ ਨ ਹਾਰਾ। ਦੀਆ ਸੀਸ ਮੁਖ ਗੁਰੂ ਉਚਾਰਾ।

ਸਿਮਰਜੀਤ ਸਿੰਘ




Post Comment


ਗੁਰਸ਼ਾਮ ਸਿੰਘ ਚੀਮਾਂ