ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 23, 2012

ਬਰਸੀ 'ਤੇ ਵਿਸ਼ੇਸ਼:- ਅਜ਼ੀਮ ਸਿੱਖ ਸ਼ਖ਼ਸੀਅਤ ਪ੍ਰੋ: ਗੁਰਮੁਖ ਸਿੰਘ


ਪ੍ਰੋ: ਗੁਰਮੁਖ ਸਿੰਘ ਦਾ ਜਨਮ ਗ਼ਰੀਬ ਪਰਿਵਾਰ ਵਿਚ 15 ਅਪ੍ਰੈਲ 1849 ਨੂੰ ਕਪੂਰਥਲੇ ਜ਼ਿਲ੍ਹੇ ਵਿਚ ਹੋਇਆ। ਉਨ੍ਹਾਂ ਦੇ ਪਿਤਾ ਬਸਾਵਾ ਸਿੰਘ ਕੰਵਰ ਬਿਕਰਮ ਸਿੰਘ ਕਪੂਰਥਲੇ ਦੇ ਲਾਂਗਰੀ ਸਨ। ਪਹਿਲਾਂ ਉਹ ਮਹਾਰਾਜਾ ਸ਼ੇਰ ਸਿੰਘ ਕੋਲ ਲਾਹੌਰ ਵਿਖੇ ਵੀ ਰਸੋਈਏ ਰਹਿ ਚੁੱਕੇ ਸਨ। ਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਉਹ ਕਪੂਰਥਲੇ ਆ ਗਏ। ਕੰਵਰ ਬਿਕਰਮ ਸਿੰਘ ਦੀ ਸਿੱਖ ਧਰਮ ਵਿਚ ਪੂਰੀ ਸ਼ਰਧਾ ਸੀ। ਪ੍ਰੋ: ਗੁਰਮੁਖ ਸਿੰਘ ਉਤੇ ਕੰਵਰ ਸਾਹਿਬ ਦੀ ਸੰਗਤ ਦਾ ਬਹੁਤ ਅਸਰ ਹੋਇਆ। ਪ੍ਰੋ: ਗੁਰਮੁਖ ਸਿੰਘ ਨੇ ਮੁਢਲੀ ਸਿੱਖਿਆ ਸਰਕਾਰੀ ਸਕੂਲ ਕਪੂਰਥਲਾ ਅਤੇ ਬੀ. ਏ. ਦੀ ਪੜ੍ਹਾਈ ਸਰਕਾਰੀ ਕਾਲਜ ਲਾਹੌਰ ਤੋਂ ਕੀਤੀ। ਪ੍ਰੋ: ਗੁਰਮੁਖ ਸਿੰਘ ਹੁਰਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਲਾਗੂ ਕਰਵਾਈ। ਉਹ ਓਰੀਐਂਟਲ ਕਾਲਜ ਲਾਹੌਰ ਵਿਚ ਪ੍ਰੋਫੈਸਰ ਲਗ ਗਏ। ਵਿਚਾਰਧਾਰਕ ਮੱਤਭੇਦ ਹੋਣ ਕਾਰਨ ਗੁਰਮੁਖ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ 1879 ਈ: ਵਿਚ ਸਿੰਘ ਸਭਾ, ਲਾਹੌਰ ਸਥਾਪਿਤ ਕਰ ਲਈ। 'ਸਿੰਘ ਸਭਾ ਲਾਹੌਰ' ਵਾਲੇ ਪੂਰਨ ਸਿੱਖ ਨੂੰ ਹੀ ਆਪਣਾ ਮੈਂਬਰ ਬਣਾਉਂਦੇ ਸਨ। ਪ੍ਰੋ: ਗੁਰਮੁਖ ਸਿੰਘ ਨੇ ਗਿਆਨੀ ਦਿੱਤ ਸਿੰਘ ਅਤੇ ਭਾਈ ਜਵਾਹਰ ਸਿੰਘ ਕਪੂਰ ਨੂੰ ਆਪਣੇ ਨਾਲ ਰਲਾ ਕੇ ਆਪਣੀ ਧਿਰ ਹੋਰ ਮਜ਼ਬੂਤ ਕਰ ਲਈ ਸੀ। ਇਨ੍ਹਾਂ ਸਾਰਿਆਂ ਨੇ ਮਿਲ ਕੇ ਸਿੰਘ ਸਭਾ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ। ਕੁਝ ਪੰਥ ਪ੍ਰੇਮੀਆਂ ਨੇ ਸਿੰਘ ਸਭਾ ਲਾਹੌਰ ਅਤੇ ਸਿੰਘ ਸਭਾ ਅੰਮ੍ਰਿਤਸਰ ਨੂੰ ਮਿਲਾ ਕੇ ਖ਼ਾਲਸਾ ਦੀਵਾਨ ਦੀ ਸਥਾਪਨਾ ਕਰਵਾ ਦਿੱਤੀ।

ਪ੍ਰੋ: ਗੁਰਮੁਖ ਸਿੰਘ ਨੇ 'ਖਾਲਸਾ ਗਜ਼ਟ' ਨਾਂਅ ਦਾ ਮਾਸਿਕ ਪੱਤਰ ਕੱਢਿਆ। ਉਨ੍ਹਾਂ ਨੇ 1880 ਵਿਚ 'ਗੁਰਮੁਖੀ ਅਖ਼ਬਾਰ' ਚਾਲੂ ਕੀਤਾ, ਜਿਸ ਦੇ ਪਹਿਲੇ ਸੰਪਾਦਕ ਭਾਈ ਝੰਡਾ ਸਿੰਘ ਸਨ ਅਤੇ ਬਾਅਦ ਵਿਚ ਗਿਆਨੀ ਦਿੱਤ ਸਿੰਘ ਇਸ ਦੇ ਸੰਪਾਦਕ ਬਣੇ। ਉਨ੍ਹਾਂ ਨੇ 'ਵਿਦਿਯਾਰਕ' ਅਤੇ 'ਸੁਧਾਰਕ' ਨਾਂਅ ਦੇ ਰਸਾਲੇ ਵੀ ਕੱਢੇ, ਜਿਨ੍ਹਾਂ ਵਿਚ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਸਮੱਗਰੀ ਛਾਪੀ ਜਾਂਦੀ ਸੀ ਅਤੇ ਗੁਰਬਾਣੀ ਦੀ ਵਿਆਖਿਆ ਕੀਤੀ ਜਾਂਦੀ ਸੀ। ਸਿੰਘ ਸਭਾ ਲਹਿਰ ਸਿੱਖੀ ਦਾ ਪ੍ਰਚਾਰ ਕਰਨ ਲਈ ਹੋਂਦ ਵਿਚ ਆਈ ਸੀ। ਪਰ ਕੁਝ ਸਮੇਂ ਬਾਅਦ ਇਸ ਵਿਚ ਵੀ ਕੁਝ ਕੁਰੀਤੀਆਂ ਆ ਗਈਆਂ ਸਨ। ਪ੍ਰੋ: ਸਾਹਿਬ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਸੰਨ 1887 ਵਿਚ ਕੰਵਰ ਬਿਕਰਮ ਸਿੰਘ ਕਪੂਰਥਲਾ ਦੀ ਮੌਤ ਤੋਂ ਬਾਅਦ ਪ੍ਰੋ: ਸਾਹਿਬ ਨੂੰ ਪੰਥ ਵਿਚੋਂ ਇਹ ਕਹਿ ਕੇ ਛੇਕ ਦਿੱਤਾ ਗਿਆ ਕਿ ਉਨ੍ਹਾਂ ਨੇ ਗੁਰਬਾਣੀ ਦੇ ਟੀਕੇ ਵਰਗੇ ਮਹਾਨ ਕੰਮ ਵਿਚ ਰੋਕ ਪਾਈ ਹੈ। ਪ੍ਰੋ: ਸਾਹਿਬ ਨੇ ਖਾਲਸਾ ਕਾਲਜ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ। ਭਾਵੇਂ ਕੁਝ ਰਈਸਾਂ (ਅਮੀਰਾਂ) ਨੇ ਕਾਲਜ ਦਾ ਨਾਂਅ ਆਪਣੇ ਨਾਂਅ 'ਤੇ ਰੱਖਣ ਦੀ ਤਜਵੀਜ਼ ਰੱਖੀ ਪਰ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਅਖੀਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ 5 ਮਾਰਚ, 1892 ਨੂੰ ਖਾਲਸਾ ਕਾਲਜ ਦਾ ਨੀਂਹ-ਪੱਥਰ ਗਵਰਨਰ ਸਰ ਜੇਮਜ਼ ਬਰਾਡਹੁੱਡ ਤੋਂ ਰਖਾਇਆ ਗਿਆ ਅਤੇ 1893 ਵਿਚ ਹਾਈ ਸਕੂਲ ਦੀਆਂ ਕਲਾਸਾਂ ਆਰੰਭ ਕੀਤੀਆਂ ਗਈਆਂ। ਇਹ ਪ੍ਰੋ: ਸਾਹਿਬ ਵੱਲੋਂ ਸਿੱਖ ਜਗਤ ਲਈ ਲਿਆ ਗਿਆ ਸਾਕਾਰ ਹੋਇਆ ਸੁਪਨਾ ਸੀ। ਪ੍ਰੋ: ਗੁਰਮੁਖ ਸਿੰਘ ਦਿਨ-ਰਾਤ ਪੰਥ ਦੇ ਕੰਮਾਂ ਵਿਚ ਲੱਗੇ ਰਹਿੰਦੇ ਸਨ। ਸਖ਼ਤ ਮਿਹਨਤ ਅਤੇ ਆਰਥਿਕ ਤੰਗੀ ਦੇ ਹੁੰਦਿਆਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਉਹ 24 ਸਤੰਬਰ, 1898 ਨੂੰ ਅਕਾਲ ਚਲਾਣਾ ਕਰ ਗਏ। ਪਰ ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਪੰਥ ਰਤਨ ਜਿਨ੍ਹਾਂ ਨੇ ਗੁਰਮਤਿ ਦੇ ਅਸੂਲਾਂ 'ਤੇ ਪਹਿਰਾ ਦਿੰਦਿਆਂ ਕਈ ਕਸ਼ਟ ਝੱਲੇ, ਅਸੀਂ ਉਨ੍ਹਾਂ ਦੀ ਬਿਲਕੁਲ ਵੀ ਕਦਰ ਨਹੀਂ ਪਾਈ। ਅੱਜ ਸਾਨੂੰ ਪ੍ਰੋ: ਗੁਰਮੁਖ ਸਿੰਘ ਵਰਗੇ ਝੰਡਾ-ਬਰਦਾਰ ਅਤੇ ਅਲੰਬਰਦਾਰ ਦੀ ਲੋੜ ਮਹਿਸੂਸ ਹੋ ਰਹੀ ਹੈ।

-ਡਾ: ਸੰਦੀਪ ਕੌਰ


Post Comment


ਗੁਰਸ਼ਾਮ ਸਿੰਘ ਚੀਮਾਂ