ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 9, 2012

ਇੱਕ ਵੱਡਮੁੱਲਾ ਦਾਨ


ਦੇਸ਼ ਭਰ ਵਿੱਚ ਹਰ ਸਾਲ 25 ਅਗਸਤ ਤੋਂ 8 ਸਤੰਬਰ ਦਾ ਸਮਾਂ ਕੌਮੀ ਅੱਖਾਂ ਦਾਨ ਪੰਦਰਵਾੜੇ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਦੇ ਨੇਤਰਦਾਨ ਬਾਰੇ ਜੁੜੇ ਭਰਮ-ਭੁਲੇਖਿਆਂ ਨੂੰ ਦੂਰ ਕਰਕੇ ਉਨ੍ਹਾਂ ਨੂੰ ਮੌਤ ਉਪਰੰਤ ਨੇਤਰਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਮੈਡੀਕਲ ਸਾਇੰਸ ਵਿੱਚ ਹੋਈ ਬੇਤਹਾਸ਼ਾ ਤਰੱਕੀ ਕਾਰਨ ਅੱਜ ਇਹ ਸੰਭਵ ਹੋ ਸਕਿਆ ਹੈ ਕਿ ਅਸੀਂ ਆਪਣੇ ਜਿਊਂਦੇ ਜੀਅ ਕੁਝ ਅੰਗਾਂ ਦਾ ਦਾਨ ਕਰਕੇ ਜਾਂ ਖੂਨਦਾਨ ਜਿਹੇ ਨੇਕ ਕਾਰਜ ਨਾਲ ਕਿਸੇ ਦੇ ਜੀਵਨ ਦੀ ਬੁਝ ਰਹੀ ਜੀਵਨ ਜੋਤ ਨੂੰ ਮੁੜ ਤੋਂ ਰੁਸ਼ਨਾ ਸਕਦੇ ਹਾਂ ਅਤੇ ਮੌਤ ਉਪਰੰਤ ਵੀ ਅਸੀਂ ਅੰਗ ਦਾਨ ਕਰਕੇ ਕਿਸੇ ਦੇ ਜੀਵਨ ਵਿੱਚ ਖੁਸ਼ੀਆਂ ਭਰ ਸਕਦੇ ਹਾਂ। ਅੱਜ ਮ੍ਰਿਤੂ ਉਪਰੰਤ ਪੂਰਾ ਸਰੀਰ ਵੀ ਡਾਕਟਰੀ ਖੋਜਾਂ ਅਤੇ ਵਿਦਿਅਕ ਮੰਤਵਾਂ ਲਈ ਦਾਨ ਕੀਤਾ ਜਾ ਰਿਹਾ ਹੈ। ਮ੍ਰਿਤੂ ਉਪਰੰਤ ਅੰਗ ਦਾਨਾਂ ਵਿੱਚੋਂ ਹੀ ਇੱਕ ਹੈ ਅੱਖਾਂ ਦਾ ਦਾਨ ਜੋ ਕਿਸੇ ਦੇ ਨਿਰਾਸ਼ ਜੀਵਨ ਦੇ ਹਨ੍ਹੇਰੇ ਵਿੱਚ ਚਾਨਣ ਦੀ ਛਿੱਟ ਲਿਆ ਸਕਦਾ ਹੈ। ਸਾਡੀਆਂ ਦਾਨ ਕੀਤੀਆਂ ਅੱਖਾਂ ਮੌਤ ਉਪਰੰਤ ਵੀ ਜੀਵਤ ਰਹਿ ਕੇ ਕਿਸੇ ਦੀ ਹਨੇਰੀ ਦੁਨੀਆਂ ਵਿੱਚ ਉਜਾਲਾ ਕਰ ਸਕਦੀਆਂ ਹਨ। ਕਿਸੇ ਦ੍ਰਿਸ਼ਟੀਹੀਣ ਨੂੰ ਦ੍ਰਿਸ਼ਟੀ ਦੇਣਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਆਪਣੀਆਂ ਅੱਖਾਂ ਮ੍ਰਿਤੂ ਉਪਰੰਤ ਕਿਸੇ ਲਈ ਦਾਨ ਕਰਨ ਦੀ ਪ੍ਰਤਿੱਗਿਆ ਆਪਣੇ ਜਿਊਂਦੇ ਜੀਅ ਕਰ ਦਿੱਤੀ ਹੋਵੇ।
ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਸੰਸਾਰ ਭਰ ਵਿੱਚ ਲਗਪਗ 2 ਕਰੋੜ ਤੋਂ ਵੱਧ ਲੋਕ ਅੱਖਾਂ ਦੇ ਆਨਿਆਂ ਦੀ ਪਾਰਦਰਸ਼ਕ ਝਿੱਲੀ (ਕਾਰਨੀਆ) ਦੋਸ਼ ਤੋਂ ਗ੍ਰਸਤ ਹਨ ਅਤੇ ਇਹਨਾਂ ਵਿੱਚੋਂ ਸਾਡੇ ਦੇਸ਼ ਭਾਰਤ ਵਿੱਚ ਹੀ 50 ਲੱਖ ਤੋਂ ਵੀ ਵਧੇਰੇ ਵਿਅਕਤੀ ਕਾਰਨੀਅਲ ਅੰਨ੍ਹੇਪਣ ਦੇ ਸ਼ਿਕਾਰ ਹਨ। ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬੱਚਿਆਂ ਦੀ ਹੈ। ਦੇਸ਼ ਭਰ ਵਿੱਚ ਸਾਲਾਨਾ ਹੁੰਦੀਆਂ 1 ਕਰੋੜ ਮੌਤਾਂ ਦੀ ਏਵਜ਼ ਵਿੱਚ ਹਾਲ ਦੀ ਘੜੀ 45000 ਦੇ ਕਰੀਬ ਹੀ ਅੱਖਾਂ ਦਾਨ ਵਜੋਂ ਮਿਲਦੀਆਂ ਹਨ ਜਦਕਿ ਲੋੜ 1 ਲੱਖ ਕਾਰਨੀਆਂ ਦੀ ਹੈ। ਸ੍ਰੀਲੰਕਾ ਜਿਹਾ ਛੋਟਾ ਦੇਸ਼ ਭਾਰਤ ਵਿੱਚ ਦਾਨ ਕੀਤੀਆਂ ਅੱਖਾਂ ਭੇਜਦਾ ਹੈ। ਕਾਰਨੀਅਲ ਅੰਨ੍ਹੇਪਣ ਦੇ ਸ਼ਿਕਾਰ ਵਿਅਕਤੀਆਂ ਲਈ ਕਾਰਨੀਅਲ ਟਰਾਂਸਪਲਾਂਟ ਤੋਂ ਸਿਵਾ ਕੋਈ ਇਲਾਜ ਨਹੀਂ ਹੈ। ਮ੍ਰਿਤੂ ਉਪਰੰਤ ਸਾਡੀਆਂ ਦਾਨ ਕੀਤੀਆਂ ਅੱਖਾਂ ਦੇ ਕਾਰਨੀਅਲ ਟਰਾਂਸਪਲਾਂਟ ਦੁਆਰਾ ਹੀ ਇਹ ਰੋਸ਼ਨੀ ਤੋਂ ਸੱਖਣੇ ਵਿਅਕਤੀ ਇਸ ਜੱਗ ਦੇ ਅੱਦਭੁੱਤ ਨਜ਼ਾਰੇ ਮੁੜ ਦੇਖਣਯੋਗ ਹੁੰਦੇ ਹਨ। ਇਸ ਲਈ ਅੱਖਾਂ ਦਾਨ ਕਰਨ ਦੀ ਪ੍ਰਤਿੱਗਿਆ ਸਾਨੂੰ ਆਪਣੇ ਜਿਊਂਦੇ ਜੀਅ ਜ਼ਰੂਰ ਕਰ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਸਾਨੂੰ ਮਾਨਸਿਕ ਅਤੇ ਆਤਮਿਕ ਖੁਸ਼ੀ ਵੀ ਮਿਲਦੀ ਹੈ ਕਿ ਮ੍ਰਿਤੂ ਉਪਰੰਤ ਸਾਡੀਆਂ ਦਾਨ ਕੀਤੀਆਂ ਅੱਖਾਂ ਦੀ ਜੋਤ ਨਾਲ ਕਿਸੇ ਦੇ ਹਨ੍ਹੇਰੇ ਜੀਵਨ ਵਿੱਚ ਮੁੜ ਰੋਸ਼ਨੀ ਆ ਜਾਵੇਗੀ। ਇਸ ਲਈ ਸਾਡਾ ਇਹ ਫੈਸਲਾ ਕਿਸੇ ਦੀ ਜ਼ਿੰਦਗੀ ਲਈ ਬਹੁਤ ਹੀ ਮਹੱਤਵਪੂਰਨ ਹੈ।
ਅੱਖਾਂ ਦਾਨ ਕਰਨ ਦੇ ਕੰਮ ਵਿੱਚ ਸਭ ਨਾਲੋਂ ਵੱਡੀ ਰੁਕਾਵਟ ਮੌਤ ਸਮੇਂ ਪਰਿਵਾਰ ਵਿੱਚ ਆਇਆ ਭਾਵਨਾਤਮਕ ਵਿਖਰੇਵਾਂ ਹੁੰਦਾ ਹੈ ਪਰੰਤੂ ਅਜਿਹੇ ਮੌਕੇ ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰ ਜਾਂ ਪਰਿਵਾਰਕ ਮਿੱਤਰ ਜੇਕਰ ਪਹਿਲ ਕਰਨ ਤਾਂ ਮ੍ਰਿਤਕ ਦੇ ਵਾਰਸਾਂ ਨੂੰ ਮਨੁੱਖਤਾ ਦੀ ਭਲਾਈ ਲਈ ਨੇਤਰਦਾਨ ਜਿਹੇ ਨੇਕ ਕੰਮ ਲਈ ਸਲਾਹ ਦਿੱਤੀ ਜਾ ਸਕਦੀ ਹੈ। ਨੇਤਰਦਾਨ ਬਾਰੇ ਵਾਰਸਾਂ ਪਾਸੋਂ ਸੰਭਵਤਾ ਨਜ਼ਰ ਆਉਣ ‘ਤੇ ਨੇੜੇ ਦੇ ਆਈ ਬੈਂਕ ਜਾਂ ਹਸਪਤਾਲਾਂ ਦੇ ਅੱਖਾਂ ਦੇ ਵਿਭਾਗ ਨੂੰ ਸੂਚਿਤ ਕੀਤਾ ਜਾ ਸਕਦਾ ਹੈ। ਨੇਤਰਦਾਨ ਬਾਰੇ ਲੋਕਾਂ ਦੇ ਮਨਾਂ ਵਿੱਚ ਫੈਲੀਆਂ ਕੁਝ ਗਲਤ ਧਾਰਨਾਵਾਂ ਵੀ ਇਸ ਮੁਹਿੰਮ ਵਿੱਚ ਰੁਕਾਵਟ ਪਾਉਂਦੀਆਂ ਹਨ। ਜਿਵੇਂ ਕਿ ”ਮੈਂ ਠੀਕ ਤਰ੍ਹਾਂ ਦੇਖ ਨਹੀਂ ਸਕਦਾ ਇਹ ਕਿਸੇ ਦੇ ਕੀ ਕੰਮ ਆ ਸਕਦੀਆਂ ਹਨ, ਮੈਂ ਸ਼ੂਗਰ ਰੋਗੀ ਹਾਂ, ਅੱਖਾਂ ਦਾਨ ਕਰਨ ਨਾਲ ਚਿਹਰੇ ਵਿੱਚ ਵਿਗਾੜ ਆ ਜਾਂਦਾ ਹੈ ਜਾਂ ਫੇਰ ਬਿਨਾਂ ਅੱਖਾਂ ਤੋਂ ਮੈਂ ਪਰਲੋਕ ਕਿਵੇਂ ਵੇਖਾਂਗਾ” ਵਗੈਰਾ-ਵਗੈਰਾ। ਇਹੋ ਜਿਹੀਆਂ ਸੋਚਾਂ ਰਹਿੰਦੇ ਨੇਤਰਹੀਣਾਂ ਨੂੰ ਰੋਸ਼ਨੀ ਮਿਲਣ ਦਾ ਮੌਕਾ ਖੁੱਸ ਜਾਂਦਾ ਹੈ। ਅਸਲ ਸਚਾਈ ਤਾਂ ਇਹ ਹੈ ਕਿ ਕਿਸੇ ਵੀ ਉਮਰ, ਜ਼ਾਤ, ਨਸਲ ਅਤੇ ਲਿੰਗ ਦਾ ਕੋਈ ਵੀ ਤੰਦਰੁਸਤ ਵਿਅਕਤੀ ਆਪਣੀਆਂ ਅੱਖਾਂ ਮ੍ਰਿਤੂ ਉਪਰੰਤ ਕਿਸੇ ਲਈ ਦਾਨ ਕਰ ਸਕਦਾ ਹੈ। ਜਿਊਂਦੇ ਵਿਅਕਤੀ ਦੀਆਂ ਅੱਖਾਂ ਦਾਨ ਵਜੋਂ ਨਹੀਂ ਲਈਆਂ ਜਾਂਦੀਆਂ। ਸ਼ੂਗਰ ਰੋਗੀ, ਬੱਚੇ, ਕਮਜ਼ੋਰ ਨਿਗ੍ਹਾ ਵਾਲਾ ਬਜ਼ੁਰਗ, ਮੋਤੀਆ ਬਿੰਦ ਦੇ ਅਪ੍ਰੇਸ਼ਨ ਵਾਲਾ ਜਾਂ ਫੇਰ ਬਦਲੇ ਹੋਏ ਲੈਨਜ਼ ਵਾਲਾ ਵਿਅਕਤੀ ਹਰ ਕੋਈ ਅੱਖਾਂ ਦਾਨ ਕਰਨਯੋਗ ਹੁੰਦਾ ਹੈ। ਜ਼ਰੂਰੀ ਗੱਲ ਇਹ ਹੈ ਕਿ ਉਸਦਾ ਕਾਰਨੀਆ ਸਾਫ਼ ਤੇ ਨਿਰੋਗ ਹੋਵੇ। ਕੈਂਸਰ, ਏਡਜ਼, ਟੈਟਨਸ, ਹੈਪਾਟਾਈਟਸ, ਰੈਬੀਜ਼, ਲਿਯੂਕੀਮੀਆ, ਸੈਪਟੀਸੀਮੀਆ, ਸਿਫਲਿਸ ਜਿਹੀਆਂ ਗੰਭੀਰ ਲਾਗ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਵਿਅਕਤੀਆਂ ਅਤੇ ਸੱਪ, ਜ਼ਹਿਰੀਲੇ ਜੀਵ ਜੰਤੂਆਂ ਦੇ ਡੰਗਣ ਨਾਲ ਜਾਂ ਨਾਮਾਲੂਮ ਕਾਰਨ ਕਰਕੇ ਹੋਈਆਂ ਮੌਤਾਂ ਵਾਲੇ ਵਿਅਕਤੀਆਂ ਦੀਆ ਅੱਖਾਂ ਦਾਨ ਵਜੋਂ ਨਹੀਂ ਲਈਆਂ ਜਾਂਦੀਆਂ। ਮ੍ਰਿਤਕ ਦੇ ਸਰੀਰ ਵਿੱਚੋਂ ਨੇਤਰ ਦਾਨ ਵਜੋਂ ਲੈਣ ਦੀ ਪ੍ਰਕ੍ਰਿਆ ਵਿੱਚ ਕੋਈ 10 ਤੋਂ 15 ਮਿੰਟ ਦਾ ਸਮਾਂ ਲਗਦਾ ਹੈ। ਨੇਤਰਦਾਨ ਨਾਲ ਚਿਹਰਾ ਨਹੀਂ ਵਿਗੜਦਾ, ਕੋਈ ਜ਼ਖਮ, ਨਿਸ਼ਾਨ ਜਾਂ ਖੋਲ ਨਹੀਂ ਬਣਦਾ ਕਿਉਂਕਿ ਪਲਕ ਕੁਦਰਤੀ ਤੌਰ ‘ਤੇ ਬੰਦ ਹੋ ਜਾਂਦੀ ਹੈ। ਸੋ, ਚਿਹਰੇ ਵਿੱਚ ਕਿਸੇ ਵੀ ਪ੍ਰਕਾਰ ਦਾ ਫਰਕ ਨਹੀਂ ਪੈਂਦਾ ਨਾ ਹੀ ਅੱਖਾਂ ਦਾਨ ਕਰਨ ਦੀ ਪ੍ਰਕ੍ਰਿਆ ਨਾਲ ਅੰਤਿਮ ਸੰਸਕਾਰ ਸਬੰਧੀ ਕੋਈ ਦੇਰੀ ਹੁੰਦੀ ਹੈ। ਆਈ ਬੈਂਕ ਟੀਮ ਦਾਨੀ ਦੀਆਂ ਅੱਖਾਂ ਪ੍ਰਾਪਤ ਕਰਨ ਲਈ ਹਰ ਜਗ੍ਹਾ ਜਾਣ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦੀ ਹੈ। ਇਸ ਲਈ ਸਭ ਤੋਂ ਨੇੜੇ ਦੇ ਆਈ ਬੈਂਕ ਨੂੰ ਮੌਤ ਤੋਂ ਬਾਅਦ ਤੁਰੰਤ ਸੂਚਿਤ ਕੀਤਾ ਜਾ ਸਕਦਾ ਹੈ। ਮੌਤ ਦੇ 6 ਘੰਟੇ ਦੇ ਅੰਦਰ-ਅੰਦਰ ਅੱਖਾਂ ਦਾਨ ਹੋ ਜਾਣੀਆਂ ਚਾਹੀਦੀਆਂ ਹਨ। ਦੇਰੀ ਦੀ ਸੂਰਤ ਵਿੱਚ ਕਾਰਨੀਆਂ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਅੱਖ ਟਰਾਂਸਪਲਾਂਟ ਕਰਨ ਦੇ ਯੋਗ ਨਹੀਂ ਰਹਿੰਦੀ। ਦਾਨ ਕੀਤੀਆਂ ਅੱਖਾਂ ਆਈ ਬੈਂਕ ਵਿੱਚ ਪਹੁੰਚਣ ਤੋਂ ਬਾਅਦ ਚੰਗੀ ਤਰ੍ਹਾਂ ਜਾਂਚ-ਪੜਤਾਲ ਅਤੇ ਲੋੜ ਅਨੁਸਾਰ ਉਪਚਾਰ ਤੋਂ ਬਾਅਦ 36-48 ਘੰਟਿਆਂ ਦੇ ਅੰਦਰ-ਅੰਦਰ ਦੂਸਰੇ ਮਨੁੱਖ ਨੂੰ ਅੱਖਾਂ ਉਡੀਕ ਸੂਚੀ ਮੁਤਾਬਕ ਬਿਨਾਂ ਕਿਸੇ ਵਿਤਕਰੇ ਤੋਂ ਲਗਾਈਆਂ ਜਾਂਦੀਆਂ ਹਨ। ਨੇਤਰਦਾਨ ਕਰਨ ਵਾਲੇ ਪਰਿਵਾਰ ਨੂੰ ਇਸ ਗੱਲ ਦੀ ਸੰਤੁਸ਼ਟੀ ਹੋਣੀ ਚਾਹੀਦੀ ਹੈ ਕਿ ਮਰਨ ਵਾਲੇ ਮਨੁੱਖ ਦੀਆਂ ਅੱਖਾਂ ਤੋਂ ਦੋ ਨੇਤਰਹੀਣਾਂ ਨੂੰ ਰੋਸ਼ਨੀ ਪ੍ਰਾਪਤ ਹੋਈ ਹੈ। ਕਿਸੇ ਮਨੁੱਖ ਦੀ ਮੌਤ ਤੋਂ ਬਾਅਦ ਵੀ ਉਸ ਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ, ਚਾਹੇ ਇਸ ਲਈ ਉਸ ਨੇ ਭਾਵੇਂ ਪਹਿਲਾਂ ਕੋਈ ਵਾਅਦਾ ਨਾ ਕੀਤਾ ਹੋਵੇ। ਕਾਨੂੰਨ ਮਰਨ ਵਾਲੇ ਮਨੁੱਖ ਦੇ ਰਿਸ਼ਤੇਦਾਰਾਂ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਉਸ ਦੀਆਂ ਅੱਖਾਂ ਦਾਨ ਕਰ ਸਕਦੇ ਹਨ ਬਸ਼ਰਤੇ ਕਿ ਮਰਨ ਵਾਲੇ ਮਨੁੱਖ ਨੇ ਨੇਤਰਦਾਨ ਦੇ ਵਿਰੁੱਧ ਕਦੀ ਕੁਝ ਨਾ ਕਿਹਾ ਹੋਵੇ। ਪਰਿਵਾਰ ਦੀ ਵਚਨਬੱਧਤਾ ਤੋਂ ਬਿਨਾਂ ਅੱਖਾਂ ਦਾਨ ਅਸੰਭਵ ਹਨ ਕਿਉਂਕਿ ਨੇਤਰਦਾਨੀ ਦੀ ਮ੍ਰਿਤੂ ਉਪਰੰਤ ਨਜ਼ਦੀਕੀ ਦੇ ਅੱਖਾਂ ਦੇ ਬੈਂਕ ਨੂੰ ਸਮੇਂ ‘ਤੇ ਸੂਚਿਤ ਕਰਨ ਦਾ ਕੰਮ ਸਦਾ ਨੇੜਲੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰਾਂ ਨੂੰ ਹੀ ਕਰਨਾ ਪੈਂਦਾ ਹੈ। ਸਾਡੇ ਦੇਸ਼ ਵਿੱਚ ਦਾਨ ਕੀਤੀਆਂ ਅੱਖਾਂ ਖਰੀਦਣਾ ਅਤੇ ਵੇਚਣਾ ਗੈਰ-ਕਾਨੂੰਨੀ ਹੈ। ਅੱਖਾਂ ਦਾਨ ਦੇਣ ਦੀ ਪ੍ਰਤਿੱਗਿਆ ਕਿਸੇ ਵੀ ਆਈ ਬੈਂਕ ਨਾਲ ਸੰਪਰਕ ਕਰਕੇ ਕੀਤੀ ਜਾ ਸਕਦੀ ਹੈ।
ਅੱਜ ਲੋੜ ਹੈ ਇਸ ਜਾਗਰੂਕਤਾ ਪੰਦਰਵਾੜੇ ਦੌਰਾਨ ਅੱਖਾਂ ਦਾਨ ਕਰਨ ਸਬੰਧੀ ਲੋਕਾਂ ਵਿੱਚ ਵੱਡੇ ਪੱਧਰ ‘ਤੇ ਸਵੈ-ਇੱਛਕ ਤੌਰ ‘ਤੇ ਪ੍ਰਚਾਰ ਕਰਨ ਦੀ, ਅੱਖਾਂ ਦਾਨ ਕਰਨ ਸਬੰਧੀ ਵਿਸ਼ੇਸ਼ ਮੁਹਿੰਮਾਂ ਚਲਾਉਣ ਦੀ ਅਤੇ ਕਾਰਨੀਅਲ ਟਰਾਂਸਪਲਾਂਟ ਲਈ ਉਡੀਕ ਕਰ ਰਹੇ ਮਰੀਜ਼ਾਂ ਨੂੰ ਹੌਂਸਲਾ  ਦੇਣ ਦੇ ਨਾਲ-ਨਾਲ ਉਨ੍ਹਾਂ ਵੱਲ ਖਾਸ ਧਿਆਨ ਦੇਣ ਦੀ ਅਤੇ ਅੱਖਾਂ ਦਾਨ ਕਰਨ ਸਬੰਧੀ ਸੂਚਨਾ ਅਤੇ ਗ੍ਰੀਫ ਕੌਂਸਲਿੰਗ ਕੇਂਦਰ ਸਥਾਪਤ ਕਰਨ ਦੀ ਜਿੱਥੇ ਪ੍ਰੇਰਿਤ ਵਲੰਟੀਅਰ ਨੇੜੇ ਹੋਈ ਕਿਸੇ ਮੌਤ ਸਮੇਂ ਅੱਖਾਂ ਦਾਨ ਕਰਾਉਣ ਵਿੱਚ ਸਹਾਈ ਹੋਣ। ਨੇਤਰਦਾਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਨੂੰ ਵੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੇ ਐਨ.ਐਸ.ਐਸ. ਦੇ ਉਘੇ ਸਵੈ-ਸੇਵਕ ਵੀ ਲੋਕਾਂ ਵਿੱਚ ਇਸ ਸਬੰਧੀ ਜਾਗ੍ਰਿਤੀ ਪੈਦਾ ਕਰਕੇ ਲੋਕਾਂ ਨੂੰ ਨੇਤਰਦਾਨ ਬਾਰੇ ਪ੍ਰੇਰਿਤ ਕਰਨ ਤਾਂ ਜੋ ਦਾਨ ਕੀਤੀਆਂ ਅੱਖਾਂ ਨਾਲ ਕਿਸੇ ਦਾ ਜੀਵਨ ਰੌਸ਼ਨ ਹੋ ਸਕੇ।
* ਸੰਪਰਕ: 98557-00157
ਨਰੇਸ਼ ਪਠਾਣੀਆਂ



Post Comment


ਗੁਰਸ਼ਾਮ ਸਿੰਘ ਚੀਮਾਂ