ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 30, 2012

ਪੁਰਾਤਨ ਬੋਲੀ ਪੰਜਾਬੀ ਹੈ ,, ਸੰਸਕ੍ਰਿਤ ਨਹੀ

ਪਿਛਲੇ ਲੰਮੇ ਸਮੇਂ ਤੋਂ ਹਰ ਵਿਸ਼ੇ ਨਾਲ ਸਬੰਧਤ ਪੁਸਤਕਾਂ ਪੜ੍ਹਦੇ ਰਹਿਣਾ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ। ਇਸੇ ਕਾਰਨ ਦਿਮਾਗ ਵਿੱਚ ਬਹੁਪੱਖੀ ਵਿੱਚਾਰਾਂ ਦਾ ਭੰਡਾਰ ਇਕੱਠਾ ਹੋਣਾ ਸੁਭਾਵਕ ਹੀ ਸੀ। ਪੰਜਾਬੀ ਦੇ ਬਹੁਤ ਸਾਰੇ ਭਾਸ਼ਾ ਵਿਗਿਆਨੀਆਂ (ਭਾਸ਼ਾ ਦੇ ਮਾਹਿਰ) ਦੀਆਂ ਲਿਖਤਾਂ ਕਈ ਕਈ ਵਾਰ ਪੜ੍ਹੀਆਂ।

ਵਿਰਲਿਆਂ ਨੂੰ ਛੱਡਕੇ ਬਹੁਤਿਆਂ ਨੇ ਪਹਿਲੋਂ ਨਿਰਧਾਰਤ ''ਸੱਚ'' ਹੀ ਬਿਨਾਂ ਝਿਜਕ ਬਿਨਾਂ ਦਿਮਾਗ ਨੂੰ ਖੇਚਲ ਦਿੱਤਿਆਂ, ਦੁਹਰਾ ਦਿੱਤਾ। ਰੇਤ ਦੀ ਕੰਧ ਵਰਗਾ ''ਸੱਚ'' ਇਹ ਭੀ ਉਚਾਰਿਆ ਗਿਆ। ''ਅਖੇ ਪੰਜਾਬੀ ਲਿੱਪੀ ਗੁਰੂ ਅੰਗਦ ਸਾਹਿਬ ਜੀ ਨੇ ਤਿਆਰ ਕੀਤੀ। ਇਸੇ ਕਾਰਨ ਇਸ ਦਾ ਨਾਮ ''ਗੁਰਮੁਖੀ'' ਪਿਆ।'' 

ਕੁੱਝ ਇੱਕ ਹੋਰ ''ਸਿਆਣਪ'' ਵਿਖਾਉਂਦਿਆਂ ਲਿਖ ਗਏ ਹਨ ਕਿ ਪੰਜਾਬੀ ਲਿੱਪੀ ਗੁਰੂ ਨਾਨਕ ਸਾਹਿਬ ਜੀ ਨੇ ਬਣਾਈ, ਲਿਖੀ ਤੇ ਪ੍ਰਚੱਲਤ ਕੀਤੀ।'' ਖੁਦਾ ਖੈਰ ਕਰੇ ਇਹ ਕਿਸੇ ਕਾਰਖਾਨੇ ਵਿੱਚ ਘੜੇ ਜਾਣ ਵਾਲੇ ਸਿੱਕੇ ਜਾਂ ਭਾਂਡੇ ਨਹੀਂ ਹਨ, ਕਿ ਵਧੀਆ ਚਮਕਦਾਰ ਜਿਹੇ ਬਣਾ ਕੇ, ਸਸਤੇ ਭਾਅ ਵਿਕਣ ਲਈ ਬਜ਼ਾਰ ਵਿੱਚ ਸੁੱਟ ਦਿਓ, ਲੋਕੀ ਝੱਟ ਖਰੀਦ ਲੈਣਗੇ। 

ਇਹ ਕੋਈ ਨਵਾਂ ਫੈਸ਼ਨ ਨਹੀਂ ਸੀ ਕਿ ਵੇਖਦਿਆਂ ਵੇਖਦਿਆਂ ਹੀ ਘਰ ਘਰ ਪੁੱਜ ਜਾਵੇਗਾ। ਬੋਲੀ ਬਣਦਿਆਂ, ਵਿਕਸਤ ਹੁੰਦਿਆ, ਲਿੱਪੀ ਤਿਆਰ ਕਰਦਿਆਂ ਲਗ ਮਾਤਰ ਤੇ ਉਚਾਰਣ ਨਿਰਧਾਰਤ ਹੁੰਦਿਆਂ, ਦਸ ਵੀਹ ਸਾਲ ਨਹੀਂ, ਸੌ ਦੋ ਸੌ ਸਾਲ ਭੀ ਨਹੀਂ, ਹਜਾਰਾਂ ਸਾਲ ਦਾ ਲੰਮਾਂ ਸਫਰ ਤੈਹ ਕਰਨਾ ਪੈਂਦਾ ਹੈ। ਇਹ ਕੋਈ ਮਿੱਸੀਆਂ ਰੋਟੀਆਂ, ਗੰਢਾ ਤੇ ਲੱਸੀ ਦਾ ਗਿਲਾਸ ਭੀ ਨਹੀਂ ਸੀ, ਕਿ ਗੁਰੂ ਨਾਨਕ ਸਾਹਿਬ ਨੇ ਆਏ ਦਰਸ਼ਨ ਅਭਿਲਾਖੀਆਂ ਨੂੰ ਝੱਟ ਪੱਟ ਛਕਾ ਦਿੱਤਾ।

ਪੰਜਾਬੀ ਬੋਲੀ ਅਤੇ ਗੁਰਮੁਖੀ ਲਿੱਪੀ ਦਾ ਪ੍ਰਮਾਣਿਕ ਸਰੂਪ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਾਂ ਮਿਲਦਾ ਹੀ ਹੈ। ਸਗੋਂ ਤੇ ਬਾਰਵੀਂ ਸਦੀ ਵਿੱਚ ਹੋਏ ਬਾਬਾ ਫਰੀਦ ਜੀ ਦੀ ਲਿਖਤ ਵਿੱਚੋਂ ਭੀ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਸਬੂਤ ਸੌ ਪ੍ਰਤੀਸ਼ਤ ਵਿਸ਼ਵਾਸ਼ਯੋਗ ਹਨ। ਇਸ ਮੁਕਾਬਲੇ ਹੋਰ ਹਰ ਲਿਖਤ ਸ਼ੰਕਾਵਾਂ ਨਾਲ ਘਿਰੀ ਹੋਈ ਹੈ। ਬਾਬਾ ਫਰੀਦ ਜੀ ਦੀ ਲਿਖਤ ਦੇ ਦਰਸ਼ਨ ਕਰੋ, ਜੋ ਤੇਹਰਵੀਂ ਸਦੀ ਵਿੱਚ ਲਿਖੀ-ਬੋਲੀ ਜਾਂਦੀ ਸੀ -

* ਫਰੀਦਾ ਮੈ ਭੋਲਾਵਾ ਪਗ ਦਾ ਮਤ ਮੈਲੀ ਹੋਇ ਜਾਇ।।
ਗਹਿਲਾ ਰੂਹ ਨਾ ਜਾਣਈ ਸਿਰੁ ਭੀ ਮਿਟੀ ਖਾਇ।। (1379)
* ਕੰਧੀ ਉਤੈ ਰੁਖੜਾ ਕਿਚਰਕ ਬੰਨੈ ਧੀਰ।।
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ।। (1382)
* ਸੇਖ ਹਯਾਤੀ ਜਗਿ ਨ ਕੋਈ ਥਿਰ ਰਹਿਆ।।
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ।। (488)

ਸੰਨ 1947 ਤੱਕ ਸਾਰਾ ਮਾਝਾ ਲੱਗਭਗ ਇਹੀ ਠੇਠ ਪੰਜਾਬੀ ਬੋਲਦਾ ਸੀ। ਅੱਗੋਂ ਪਾਕਿਸਤਾਨ ਵਿੱਚ ਚਲੇ ਗਏ ਇਲਾਕੇ ਭੀ ਇਹੀ ਬੋਲੀ ਬੋਲਣ ਵਾਲੇ ਸਨ। ਇਸ ਤੋਂ ਪਹਿਲਾਂ (ਨੌਵੀਂ ਸਦੀ ਵਿੱਚ) ਗੋਰਖ ਨਾਥ ਦੀਆਂ ਲਿਖਤਾਂ ਮਿਲਦੀਆਂ ਹਨ। ਉਹਨਾਂ ਵਿੱਚ ਭੀ ਪੰਜਾਬੀ ਭਾਰੂ ''ਸਧੂਕੜੀ'' ਭਾਸ਼ਾ ਵਰਤੀ ਗਈ ਹੈ। ਨਮੂਨਾ-

ਮਾਂ ਕਹੇ ਮੇਰਾ ਪੂਤ ਵਿਆਹਿਆ। ਕਾਢ ਦਾਮ ਬਾਘਣ ਲੇ ਆਇਆ।
ਗਿਲੀ ਲੱਕੜ ਕੋ ਘੁਣ ਖਾਇਆ। (ਗੋਰਖ ਦੀ ਰਚਨਾਂ)

ਪੰਜਾਬ ਦੇ ਕਸਬਿਆਂ, ਪਿੰਡਾਂ ਵਿੱਚ ਅੱਜ ਤੱਕ ਬਾਣੀਏ ਲੋਕ ਵੱਖਰੀ ਪਛਾਣ ਵਾਲੇ ਵਹੀ ਖਾਤੇ ਰੱਖਦੇ ਹਨ। ਇੱਥੇ ਦੁਕਾਨਦਾਰ ਲੋਕ ਹਿੰਦੀ, ਅੰਗ੍ਰੇਜ਼ੀ ਲਿਖਣ ਦੀ ਥਾਂਵੇਂ, ਅੱਜ ਤੱਕ ਨਿਰੰਤਰ ਜੋ ਲਿਖਤ ਵਹੀਆਂ ਵਿੱਚ ਲਿੱਖਦੇ ਆ ਰਹੇ ਹਨ, ਉਸ ਨੂੰ ''ਲੰਡੇ'' ਆਖਿਆ ਜਾਂਦਾ ਹੈ।
ਇਸਦੇ ਬਾਰਾਂ ਅੱਖਰ ਹਨ। ਲਗ ਮਾਤਰ ਕੋਈ ਨਹੀਂ ਹੈ। ਵਪਾਰੀ ਲੋਕ ਇਸਨੂੰ ਬਾਖੂਬੀ ਲਿਖਦੇ ਪੜ੍ਹਦੇ ਅਤੇ ਸਮਝਦੇ ਹਨ। ਲੱਗਭਗ ਪੰਜਵੀਂ ਛੇਵੀਂ ਸਦੀ ਤੋਂ ਇਸਦੇ ਪ੍ਰਚਲਣ ਦਾ ਵਿਸ਼ਵਾਸ਼ ਕੀਤਾ ਜਾ ਸਕਦਾ ਹੈ।
ਪੰਜਾਬ ਤੇ ਮੁਸਲਮਾਨੀ ਰਾਜ ਹੋਣ ਕਰਕੇ ਇੱਥੇ ਪੰਜਾਬੀ ਵਿੱਚ ਅਰਬੀ ਫਾਰਸੀ ਤੇ ਪਸਤੋ ਦੇ ਸ਼ਬਦ ਬਹੁਤਾਤ ਵਿੱਚ ਰਲਦੇ ਗਏ। ਉਂਞ ਦਿੱਲੀ ਤੋਂ ਲੈ ਕੇ ਜੇਹਲਮ ਤੱਕ, ਰਾਜਸਥਾਨ ਤੋਂ ਲੈ ਕੇ ਸ਼ਿਮਲੇ ਤੱਕ, (ਸਮੇਤ ਜੰਮੂ ਦੇ) ਪੰਜਾਬੀ ਦਾ ਹੀ ਬੋਲ ਬਾਲਾ ਸੀ। ਯਾਦ ਰਹੇ ਹਿਮਾਚਲ ਅਤੇ ਹਰਿਆਣੇ ਦੀ ਅੱਜ ਤਾਈ ਕੋਈ ਸੁਤੰਤਰ ਲਿੱਪੀ ਨਹੀਂ ਹੈ। ਭਾਰਤ ਵਿੱਚ ਹਿੰਦੂ ਲਾਬੀ ਭਾਰੂ ਹੋਣ ਕਰਕੇ ਇਹਨਾਂ ਸੂਬਿਆਂ ਨੂੰ ਹਿੰਦੀ ਬੋਲੀ ਵਾਲੇ ਜਬਰੀ ਐਲਾਨ ਕਰ ਦਿੱਤਾ ਗਿਆ ਹੈ। 
ਜਦੋਂ ਕਿ ਇਹਨਾਂ ਦੀ ਬੋਲੀ ਪੰਜਾਬੀ ਦੇ ਵਧੇਰੇ ਨਜ਼ਦੀਕ ਹੈ। 47 ਤੋਂ ਮਗਰੋਂ ਭਾਰਤੀ ਹਾਕਮਾਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬੀ ਬੋਲੀ ਦਾ ਗਲ ਘੁੱਟਣਾ ਸ਼ੁਰੂ ਕਰ ਦਿੱਤਾ। ਪੰਜਾਬੀ ਪ੍ਰਫੁੱਲਤ ਹੋਣ ਨਾਲ ਗੁਰਬਾਣੀ ਦੀ ਸੁੱਚੀ (ਪਰ ਬ੍ਰਾਹਮਣੀ ਰੀਤ-ਵੈਦਿਕ ਨੀਤ ਦੀ ਵਿਰੋਧੀ) ਤੇ ਮਨੁੱਖਤਾ ਦੀ ਹਿਤੈਸ਼ੀ, ਵਿੱਚਾਰਧਾਰਾ ਵਧੇ ਫੁਲੇਗੀ।
ਸਿੱਖ ਇਤਿਹਾਸ ਜਾਗ੍ਰਤ ਹੋਵੇਗਾ। ਇਸ ਤਰ੍ਹਾਂ ਗੁਰਬਾਣੀ ਵਿੱਚ ਚਿਤਰਤ ਕੀਤੇ ਗਏ ਸੋਹਣੇ ਸਮਾਜ ਦੀ ਸਿਰਜਣਾ ਹੋਵੇਗੀ। ਜੋ ਕਿ ਹਿੰਦੂ ਫਿਰਕਾ ਪ੍ਰਸਤਾਂ ਨੂੰ ਨਹੀਂ ਭਾਉਂਦਾ। ਹਿੰਦੀ ਦੇ ਵਾਧੇ ਨਾਲ ਵੈਦਿਕ ਰੀਤਾਂ ਰਸਮਾਂ ਵਧਣ ਫੁੱਲਣਗੀਆਂ। ਭਾਂਵੇਂ ਇਨਸਾਨੀਅਤ ਦਾ ਘਾਣ ਹੁੰਦਾ ਰਹੇ, ਪਰ ਬ੍ਰਾਹਮਣ ਅਤੇ ਖੱਤਰੀ ਦੀਆਂ ਸੱਤੇ ਖੈਰਾਂ।
ਆਉ ਹੁਣ ਜ਼ਰਾ ਹਿੰਦੀ ਦੇ ਪਿਛੋਕੜ ਅਤੇ ਪੁਰਾਤਨਤਾ ਬਾਰੇ ਵਿੱਚਾਰ ਕਰੀਏ। ਸਾਡੇ ਕੋਲ ਰਵਿਦਾਸ ਜੀ, ਕਬੀਰ ਜੀ ਅਤੇ ਨਾਮਦੇਵ ਜੀ ਵਰਗੇ ਪਰਮ ਪੁਰਖਾਂ ਦੀ ਬਾਣੀ ਮੌਜੂਦ ਹੈ। ਇਸ ਬਾਣੀ ਨੂੰ ਹਿੰਦੀ ਦੇ ਨੇੜੇ ਤੇੜੇ ਆਖਿਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਦੀ ਰਚਨਾ ਨੂੰ ਭੀ ਹਿੰਦੀ ਰਲੀ ਬੋਲੀ ਆਖਿਆ ਜਾ ਰਿਹਾ ਹੈ। 
ਜਦੋਂ ਕਿ ਇਹ ਸੌ ਪ੍ਰਤੀਸ਼ਤ ਝੂਠ ਹੈ। ਅਸਲ ਵਿੱਚ ਇਹ ਬੋਲੀ ਜੋ ਸਾਰੇ ਭਗਤਾਂ ਅਤੇ ਗੁਰੂ ਤੇਗ ਬਹਾਦਰ ਜੀ ਨੇ ਵਰਤੀ ਹੈ, ਇਹ ''ਸਧੂਕੜੀ'' ਬੋਲੀ ਹੈ। ਭਾਵ ਕਿ ਹਰ ਇੱਕ ਸਾਧੂ ਆਪਣੇ ਇਲਾਕੇ ਦੇ ਸ਼ਬਦਾਂ ਦੀ ਬਹੁਤਾਤ ਅਤੇ ਬਾਕੀ ਸਾਧੂਆਂ ਵੱਲੋਂ ਵਰਤੇ ਜਾਂਦੇ ਸਾਂਝੇ ਸ਼ਬਦਾਂ ਦੀ ਵਰਤੋਂ ਕਰਕੇ, ਆਪਣੇ ਵਿਚਾਰ ਪ੍ਰਗਟ ਕਰਿਆ ਕਰਦਾ ਸੀ। ਉਹਨਾਂ ਸਮਿਆਂ ਵਿੱਚ, ਹਿੰਦੀ ਦਾ ਕਿਧਰੇ ਨਾਮੋ ਨਿਸ਼ਾਨ ਭੀ ਨਹੀਂ ਸੀ।
ਅਸਲ ਵਿੱਚ ਹੋਇਆ ਇਸ ਤਰ੍ਹਾਂ ਕਿ ਕੁੱਝ ਥਾਵਾਂ ਤੇ ਹਿੰਦੂ ਮੁਖੀਆਂ ਵੱਲੋਂ 1835 ਵਿੱਚ, ਆਪਣੇ ਧਰਮ ਅਤੇ ਸਭਿਆਚਾਰ ਨੂੰ ਸੰਭਾਲਣ ਲਈ ਅੰਗ੍ਰੇਜ ਸਰਕਾਰ ਅੱਗੇ ਬੇਨਤੀ ਕੀਤੀ। ਗੋਰੀ ਸਰਕਾਰ ਨੇ ਮੰਗ ਪੱਤਰ ਉਚਿਤ ਢੰਗ ਨਾਲ, ਵਿਸਥਾਰ ਸਹਿਤ ਤਿਆਰ ਕਰਕੇ ਦੇਣ ਲਈ ਕਿਹਾ। ਹਿੰਦੂ ਮੁਖੀਆਂ ਨੇ ਜੋ ਮੰਗਾਂ ਰੱਖੀਆਂ, ਉਸ ਵਿੱਚ ਦੇਸ਼ ਦੀ ਸਾਂਝੀ ਸੰਪਰਕ ਬੋਲੀ ਦੀ ਮੰਗ ਭੀ ਕੀਤੀ ਗਈ।
ਕਿਉਂਕਿ ਅਜਿਹੀ ਕੋਈ ਬੋਲੀ ਭਾਰਤ ਵਿੱਚ ਨਹੀਂ ਸੀ ਜੋ ਸਭਨਾ ਨੂੰ ਪਰਵਾਨ ਹੁੰਦੀ। ਬਸ ਉਸੇ ''ਸਾਧ ਭਾਸ਼ਾ'' (ਸਧੂਕੜੀ) ਨੂੰ ਪਰਵਾਨਗੀ ਦੇਣ ਦੀ ਗਲ ਕੀਤੀ। ਉਸੇ ਦਾ ਨਾਮ ਮਗਰੋਂ ਆ ਕੇ ਹਿੰਦੀ ਰੱਖ ਲਿਆ ਗਿਆ। ਹਿੰਦੀ ਕਿਸੇ ਸੂਬੇ ਦੀ ਬੋਲੀ ਨਹੀਂ ਸੀ, ਨਾ ਹੈ।
ਅਗਲੀ ਇੱਕ ਭਾਰਤੀ ਬੋਲੀ ਸੀ ਉੜਦ। ਕਿਉਂਕਿ ਅੰਗ੍ਰੇਜ਼ਾਂ ਦਾ ਰਾਜ ਦੁਨੀਆਂ ਭਰ ਵਿੱਚ ਫੈਲਿਆ ਹੋਇਆ ਸੀ। ਕੁਦਰਤੀ ਹੈ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਂਦਾ ਸੀ।
ਏਸ਼ੀਆ ਮਹਾਂਦੀਪ ਦੇ ਫੌਜੀ ਆਪਸ ਵਿੱਚ ਗੱਲ ਬਾਤ ਕਰਨ ਲੱਗਿਆਂ, ਆਪਣੇ ਇਲਾਕੇ ਦੇ ਸ਼ਬਦਾਂ ਦੀ ਬਹੁਤਾਤ ਵਾਲੀ ਫਾਰਸੀ ਬੋਲਣ ਦੀ ਕੋਸ਼ਿਸ਼ ਕਰਿਆ ਕਰਦੇ ਸਨ। ਫਾਰਸੀ ਵਿੱਚ ''ਉੜਦ'' ਫੌਜੀ ਨੂੰ ਆਖਿਆ ਜਾਂਦਾ ਹੈ। ''ਉੜਦ ਬਜਾਰੀ'' ਫੌਜ ਨੂੰ ਕਹਿੰਦੇ ਹਨ। ਇਸ ਤਰ੍ਹਾਂ ਫੌਜੀਆਂ ਦੀ ਆਪਸੀ ਸੰਪਰਕ ਬੋਲੀ ਨੂੰ ''ਉਰਦੂ'' ਕਿਹਾ ਜਾਣ ਲੱਗ ਪਿਆ। 

ਉਰਦੂ ਇਸ ਲਈ ਕਿ ਇੰਗਲਿਸ਼ ਵਿੱਚ ''ੜ'' ਅੱਖਰ ਨਹੀਂ ਹੁੰਦਾ। ਉਥੇ ''ਰ'' ਨਾਲ ਕੰਮ ਚਲਦਾ ਹੈ। ਜਦੋਂ ਹਿੰਦੂਆਂ ਨੇ, ਹਿੰਦੂ ਸਭਿਆਚਾਰ ਨੂੰ ਬਚਾਉਣ ਲਈ ਦੁਹਾਈ ਦਿੱਤੀ, ਤਦੋਂ ਹੀ (1835 ਵਿੱਚ) ਮੁਸਲਮਾਨਾਂ ਨੇ ਭੀ, ਆਪਣੀ ਸੰਪਰਕ ਬੋਲੀ ਉੜਦੂ ਸਵੀਕਾਰ ਕਰਵਾ ਲਈ। ਇਹ ਯਾਦ ਰਹੇ, ਅੱਜ ਤੱਕ ਉੜਦੂ ਕਿਸੇ ਸੂਬੇ ਖਿੱਤੇ ਦੀ ਮਾਤਰ ਬੋਲੀ ਨਹੀਂ ਹੈ। ਦੇਸ਼ ਦੇ ਬਟਵਾਰੇ ਤੋਂ ਬਾਅਦ ਭਾਰਤੀ ਹਾਕਮਾਂ ਨੇ, ਪਾਰਲੀਮੈਂਟ ਵਿੱਚ, ਇੱਕ ਭਾਸ਼ਾ ਬਾਰੇ ਬਿਲ ਪਾਸ ਕਰਵਾਣ ਲਈ ਲਿਆਂਦਾ।
ਮਕਸਦ ਇਹ ਸੀ ਕਿ ਦੇਸ਼ ਦੀ ਸੰਪਰਕ ਬੋਲੀ ਹਿੰਦੀ ਹੋਵੇ ਜਾਂ ਇੰਗਲਿਸ਼। ਪਾਰਲੀਮੈਂਟ ਮੈਂਬਰ ਅੱਧੋ ਅੱਧ ਵੰਡੇ ਗਏ। ਕਿਸੇ ਪਾਸੇ ਫੈਸਲਾ ਨਾ ਹੋਇਆ। ਬੜੀ ਜਦੋਂ ਜਹਿਦ ਤੋਂ ਬਾਅਦ ''ਸਰਕਾਰੀ ਸਾਧਨ ਵਰਤਕੇ'' ਗਿ: ਗੁਰਮੁਖ ਸਿੰਘ ਮੁਸਾਫਿਰ ਤੋਂ ਹਿੰਦੀ ਦੇ ਹੱਕ ਵਿੱਚ ਇੱਕ ਨਿਰਣਾਇੱਕ ਵੋਟ ਪਵਾਕੇ ਭਾਰਤ ਭਰ ਵਿੱਚ ਹਿੰਦੀ ਸੰਪਰਕ ਬੋਲੀ ਬਣਾ ਦਿੱਤੀ ਗਈ।
ਸੰਸਕ੍ਰਿਤ ਦੀ ਪੁਰਾਤਨਤਾ ਬਿਆਨ ਕਰਨ ਤੋਂ ਪਹਿਲਾਂ, ਇਤਨਾ ਕੁ ਪਿਛੋਕੜ ਦੱਸਣਾ ਜ਼ਰੂਰੀ ਸੀ। ਹੁਣ ਦੁਬਾਰਾ ਇਸ ਨੁਕਤੇ ਤੇ ਧਿਆਨ ਕੇਂਦਰਤ ਕਰੋ, ਕਿ ਫਾਰਸੀ ਬੋਲੀ ਨੂੰ ਪਿਆਰ ਕਰਨ ਵਾਲੇ ਰਾਜਸੀ ਤਾਕਤ ਵਾਲੇ, ਮੁਸਲਮਾਨ ਲੋਕ, ਇੱਕ ਹਜ਼ਾਰ ਸਾਲ ਤੱਕ, ਭਾਰਤ ਵਿੱਚ ਰਾਜ ਕਰਦੇ ਰਹਿਣ ਦੇ ਬਾਵਜੂਦ ਫਾਰਸੀ ਬੋਲੀ ਨੂੰ ਲੋਕਾਂ ਦੀ ਰੋਜ਼ਾਨਾ ਬੋਲਚਾਲ ਵਾਲੀ ਬੋਲੀ ਨਹੀਂ ਬਣਾ ਸਕੇ। ਲਿਖਤੀ ਕੰਮ ਭਾਵੇਂ ਸਾਰਾ ਹੀ ਫਾਰਸੀ ਵਿੱਚ ਹੁੰਦਾ ਸੀ।
ਫਾਰਸੀ ਦੇ ਸ਼ਬਦ ਲੋਕ ਬੋਲੀ ਵਿੱਚ ਪ੍ਰਵੇਸ਼ ਭੀ ਕਰਦੇ ਜਾ ਰਹੇ ਸਨ, ਪਰ ਮਾਂ ਬੋਲੀ ਦਾ ਦਰਜਾ ਫਾਰਸੀ ਨੂੰ ਪ੍ਰਾਪਤ ਨਹੀਂ ਹੋ ਸਕਿਆ। ਕਿਸੇ ਸ਼ਹਿਰ ਕਸਬੇ ਜਾਂ ਪਿੰਡ ਵਿੱਚ ਸਮੁੱਚੇ ਲੋਕਾਂ ਦੀ ਰੋਜ਼ਮਰਾ ਦੀ ਬੋਲਚਾਲ ਵਾਲੀ ਬੋਲੀ ਫਾਰਸੀ ਨਾ ਬਣ ਸਕੀ। ਕਾਰਣ ?

ਕਿਉਂਕਿ ਇਹ ਭਾਰਤੀ ਲੋਕਾਂ ਦੀ ਆਪਣੀ ਬੋਲੀ ਨਹੀਂ ਸੀ, ਬਦੇਸ਼ ਤੋਂ ਆਏ ਲੋਕਾਂ ਦੀ ਬੋਲੀ ਸੀ। ਸੰਨ 1600 ਵਿੱਚ ਈਸਟ ਇਡੀਆ ਕੰਪਨੀ ਕਲੱਕਤੇ ਵਿੱਚ ਸਥਾਪਤ ਹੋ ਚੁੱਕੀ ਸੀ। ਸਾਢੇ ਤਿੰਨ ਸੌ ਸਾਲ ਤੱਕ ਬੰਗਾਲੀ ਲੋਕ ਇੰਗਲਿਸ਼ ਦੇ ਖੂਬ ਮਾਹਿਰ ਬਣ ਗਏ, ਫਰਾਟੇਦਾਰ ਅੰਗ੍ਰੇਜ਼ੀ ਬੋਲਦੇ ਸਨ। ਪਰ ਕਿਸੇ ਇੱਕ ਭੀ ਬੰਗਾਲ ਵਾਸੀ ਦੀ ਮਾਤ ਬੋਲੀ ਇੰਗਲਿਸ਼ ਨਹੀਂ ਬਣ ਸਕੀ। ਇਸੇ ਤਰ੍ਹਾਂ ਬਾਕੀ ਭਾਰਤ ਵਿੱਚ ਅੰਗ੍ਰੇਜ਼ੀ ਬਾਰੇ ਸਮਝਣਾ ਚਾਹੀਦਾ ਹੈ।

ਬ੍ਰਾਹਮਣ ਨੇ ਪਰਚਾਰ ਦੇ ਜੋਰ ਨਾਲ ਪੱਥਰ ਦੇ ਟੁਕੜਿਆਂ ਨੂੰ ''ਭਗਵਾਨ'' ਬਣਾ ਕੇ ਸਦੀਆਂ ਤੱਕ ਲੋਕਾਂ ਨੂੰ ਮੂਰਖ ਬਣਾਇਆ ਤੇ ਉਹਨਾਂ ਦੀ ਪੂਜਾ ਕਰਵਾਈ। ਸਦੀਆਂ ਤੋਂ ਕਾਲਪਨਿਕ ਦੇਵਤਿਆਂ ਨੂੰ ਭੋਲੇ ਲੋਕਾਂ ਦੇ ਮਨ ਮਸਤੱਕ ਵਿੱਚ ਠੋਸਿਆ ਤੇ ਲੁੱਟ ਕੇ ਖਾਧਾ। ਹਜਾਰਾਂ ਸਾਲ ਤੋਂ ਸੰਸਕ੍ਰਿਤ ਨੂੰ ''ਦੇਵ ਬਾਣੀ'' ਹੈ ਦਾ ਢੋਲ ਬਹੁਤ ਉਚਾ ਪਿੱਟਿਆ ਗਿਆ। 

ਜਿਵੇਂ ਦੇਵਤੇ ਕਲਪਿਤ ਹਨ, ਤਿਵੇਂ ਉਹਨਾਂ ਦੀ ਬਾਣੀ ਦੀ ਪੁਰਾਤਨਤਾ ਕਲਪਿਤ ਹੈ। ਭਾਰਤ ਸਰਕਾਰ ਨੇ ਕਾਲਜਾਂ, ਯੂਨੀਵਰਸਿਟੀਆਂ ਵਿੱਚ, ਸੰਸਕ੍ਰਿਤ ਵਿਭਾਗ ਖੋਹਲੇ ਹੋਏ ਹਨ। ਕਰੋੜਾਂ ਰੁਪੈ ਦਾ ਬੱਜਟ ਪ੍ਰਵਾਨ ਕੀਤਾ ਜਾਂਦਾ ਹੈ। ਸੰਸਕ੍ਰਿਤ ਵਿੱਚ ਪੁਸਤਕ/ਲੇਖ ਲਿਖਣ ਵਾਲੇ ਨੂੰ ਵਿਸ਼ੇਸ਼ ਇਨਾਮ ਸਨਮਾਨ ਦਿੱਤੇ ਜਾਂਦੇ ਹਨ। ਰੇਡੀਓ ਟੀਵੀ ਤੇ ਖਾਸ ਸਮਿਆਂ ਤੇ, ਸੰਸਕ੍ਰਿਤ ਵਿੱਚ ਖਬਰਾਂ ਤੇ ਹੋਰ ਪ੍ਰੋਗਰਾਮ ਦਿੱਤੇ ਜਾਂਦੇ ਹਨ।
ਇਤਨਾ ਕੁੱਝ ਕਰਨ ਦੇ ਬਾਵਜੂਦ, ਸੰਸਕ੍ਰਿਤ ਆਖਰੀ ਸਾਹ ਗਿਣ ਰਹੀ ਹੈ। ਪੁਰਾਣੇ ਗ੍ਰੰਥ ਪੜ੍ਹ ਸਕਣ ਵਾਲਾ ਕੋਈ ਵਿਰਲਾ ਵਿਅਕਤੀ ਲੱਭਦਾ ਹੈ। ਮੇਰੇ ਆਪਣੇ ਜੱਦੀ ਜ਼ਿਲ੍ਹੇ, ਪਟਿਆਲੇ ਵਿੱਚ, ਦੋ ਪਿੰਡ ਅਜਿਹੇ ਹਨ, ਜਿਨ੍ਹਾਂ ਦੀ ਬੋਲੀ ਠੇਠ ਪੰਜਾਬੀ ਨਹੀਂ ਹੈ। ਬਹੁਤ ਹੱਦ ਤੱਕ ਹਰਿਆਣਵੀ ਬੋਲੀ ਨਾਲ ਮਿਲਦੀ ਜੁਲਦੀ ਹੈ। ਸਦੀਆਂ ਬੀਤ ਗਈਆਂ ਇਹਨਾਂ ਦੋਵੇਂ ਪਿੰਡਾਂ (ਕਲਵਾਣੂੰ) ਦੀ ਮਾਤ ਬੋਲੀ ਨਹੀਂ ਬਦਲੀ। 
ਕਿਉਂਕਿ ਜਨਮ ਤੋਂ ਹੀ ਬੱਚਿਆਂ ਨੂੰ ਮਾਤਾ ਪਿਤਾ ਦੁਆਰਾ ਇਹੀ ਬੋਲੀ ਸੁਣਨ ਨੂੰ ਮਿਲਦੀ ਹੈ। ਪੰਜਾਬ ਦੇ ਵਿੱਚਕਾਰ ਰਹਿੰਦਿਆਂ ਭੀ, ਇਹਨਾਂ ਦੀ ਆਪਣੀ ਬੋਲੀ ਅੱਜ ਤੱਕ ਠੇਠ ਪੰਜਾਬੀ ਨਹੀਂ ਬਣੀ। ਪਤਾ ਨਹੀਂ ਕਿੰਨਾ ਵਕਤ ਪਹਿਲਾਂ, ਇਹਨਾਂ ਪਿੰਡਾਂ ਦੇ ਵਡੇਰੇ ਕਿਸੇ ਅਜਿਹੇ ਖਿੱਤੇ ਵਿੱਚੋਂ ਆਕੇ ਪਟਿਆਲੇ ਜ਼ਿਲੇ ਵਿੱਚ ਇਹਨਾਂ ਦੋ ਥਾਈਂ ਪਿੰਡ ਵਸਾ ਲਏ। ਬੋਲੀ ਉਹੀ, ਜਿਥੋਂ ਉਠ ਕੇ ਆਏ ਸਨ, ਅੱਜ ਤੱਕ ਪ੍ਰਚੱਲਤ ਹੈ।
ਪੰਜਾਬੀ ਨੂੰ ਪਛਾੜਨ ਦੇ ਬੇਅੰਤ ਜਤਨ ਹੋਏ, ਪਹਿਲਾਂ ਇੱਕ ਹਜ਼ਾਰ ਸਾਲ ਤੱਕ ਦਫਤਰੀ ਬੋਲੀ ਫ਼ਾਰਸੀ ਬਣਾਈ ਗਈ। ਅੰਗ੍ਰੇਜ਼ੀ ਰਾਜ ਦੌਰਾਨ ਦਫਤਰੀ ਸਰਕਾਰੀ ਬੋਲੀ ਇੰਗਲਿਸ਼ ਬਣਾਈ ਗਈ।
ਜੋ ਅੱਜ ਤੱਕ ਭੀ ਦਫਤਰਾਂ ਵਿੱਚ ਵਰਤੀ ਲਿਖੀ ਜਾ ਰਹੀ ਹੈ। ਦੇਸ਼ ਵੰਡ ਤੋਂ ਬਾਅਦ ਪੰਜਾਬੀ ਨੂੰ ਹਿੱਕ ਦੇ ਤਾਣ ਹਿੰਦੀ ਦੀ ਦੁਬੇਲ ਬਣਾਇਆ ਜਾ ਰਿਹਾ ਹੈ। ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਨੂੰ ਕੋਈ ਮਾਨਤਾ ਨਹੀਂ। ਗੁਰਮੁਖੀ ਲਿੱਪੀ ਨੂੰ ਪਾਕਿਸਤਾਨੋ ਦੇਸ ਨਿਕਾਲਾ ਮਿਲਿਆ ਹੋਇਆ ਹੈ। ਫਿਰ ਭੀ ਉਹ ਲੋਕ ਪੰਜਾਬੀ ਬੋਲਦੇ ਹਨ। ਅਜਿਹੇ ਬਦਤਰ ਹਾਲਾਤ ਵਿੱਚ ਭੀ ਦੋਵਾਂ ਪੰਜਾਬਾਂ ਦੀ ਪੰਜਾਬੀ ਬੋਲੀ ਜੀਵਤ ਹੈ ਤੇ ਜੀਵਤ ਰਹੇਗੀ। 

ਲੋੜ ਵਕਤ ਭਾਰਤ ਵਿੱਚ ਬਹੁਤ ਸਾਰੇ ਲੋਕ ਇੰਗਲਿਸ਼ ਬੋਲਦੇ ਹਨ। ਇੰਗਲਿਸ਼ ਪੜਦੇ ਲਿਖਦੇ ਹਨ, ਬਹੁਤ ਸਾਰੇ ਅਖਬਾਰ ਰਸਾਲੇ ਤੇ ਪੁਸਤਕਾਂ ਅੰਗ੍ਰੇਜ਼ੀ ਵਿੱਚ ਛਪਦੀਆਂ ਹਨ। ਫਿਰ ਭੀ ਸਾਰੇ ਭਾਰਤ ਵਿੱਚ ਕਿਸੇ ਇੱਕ ਭੀ ਪਿੰਡ ਜਾਂ ਵਿਅਕਤੀ ਦੀ ਮਾਤ ਬੋਲੀ ਇੰਗਲਿਸ਼ ਨਹੀਂ ਹੈ। ਕਾਰਨ ? ਇਹ ਓਪਰੀ ਬੋਲੀ ਜੁ ਹੋਈ।
ਅੱਜ ਤੱਕ ਪੂਰੀ ਤਾਕਤ ਲਾ ਕੇ ਪਰਚਾਰਿਆ ਗਿਆ ਹੈ ਕਿ ਭਾਰਤ ਦੀ ਸਭ ਤੋਂ ਪੁਰਾਤਲ ਬੋਲੀ ਸੰਸਕ੍ਰਿਤ ਹੈ। ਸੰਸਕ੍ਰਿਤ ਪੁਰਾਤਨ ਭਾਸ਼ਾ ਤਾਂ ਭਾਵੇਂ ਹੋਵੇ ਪਰ ਭਾਰਤੀ ਬੋਲੀ ਤਾਂ ਹਰਗਿਜ਼ ਨਹੀਂ ਹੈ। ਜੇ ਇਹ ਬੋਲੀ ਭਾਰਤੀ ਹੁੰਦੀ ਤਾਂ ਭਾਰਤੀ ਖਿੱਤੇ ਵਿੱਚ ਕੋਈ ਇੱਕ ਸੂਬਾ ਤਾਂ ਅਜਿਹਾ ਬਚਿਆ ਹੁੰਦਾ, ਜਿੱਥੋਂ ਦੀ ਇਹ ਮਾਤ ਬੋਲੀ ਹੁੰਦੀ। 
ਕੋਈ ਇੱਕ ਸ਼ਹਿਰ, ਜਾਂ ਇੱਕ ਪਿੰਡ ਤਾਂ ਸਾਰੇ ਵਿਸ਼ਾਲ ਦੇਸ਼ ਵਿੱਚ ਹੁੰਦਾ, ਜਿੱਥੇ ਵਸਦੇ ਸਾਰੇ ਲੋਕ, ਰੋਜ਼ਾਨਾ ਸੰਸਕ੍ਰਿਤ ਬੋਲਦੇ, ਪੜ੍ਹਦੇ ਲਿਖਦੇ। ਦੁਨੀਆਂ ਭਰ ਵਿੱਚ ਇੱਕ ਭੀ ਮਨੁੱਖ ਅਜਿਹਾ ਨਹੀਂ ਮਿਲੇਗਾ, ਜੋ ਸੰਸਕ੍ਰਿਤ ਨੂੰ ਮਾਤ ਬੋਲੀ ਦੇ ਤੌਰ ਤੇ ਬੋਲਦਾ ਹੋਵੇ। ਕਿਉਂਕਿ ਸੰਸਕ੍ਰਿਤ ਵਿੱਚ ਬ੍ਰਾਹਮਣੀ ਕਰਮਕਾਂਡੀ ਗ੍ਰੰਥ ਲਿਖੇ ਹੋਏ ਹਨ। ਜੇ ਸੰਸਕ੍ਰਿਤ ਥੋੜ੍ਹੇ ਬਹੁਤ ਸਾਹ ਲੈਂਦੀ ਰਹੀ ਤਾਂ ਪਾਖੰਡੀਆਂ ਦਾ ਪਾਖੰਡ ਚਲਦਾ ਰਹੇਗਾ।
ਭਵਿੱਖ ਦੇ ਮਨੁੱਖ ਨੂੰ ਸੰਸਕ੍ਰਿਤ ਕੁੱਝ ਭੀ ਦੇਣ ਤੋਂ ਅਸਮਰਥ ਹੈ। ਵੇਲਾ ਵਿਹਾ ਚੁੱਕੇ ਵਿਚਾਰ, ਸੰਸਕ੍ਰਿਤ ਗ੍ਰੰਥਾਂ ਵਿੱਚ ਬਥੇਰੇ ਮਿਲ ਜਾਣਗੇ। ਜਿਵੇਂ ਜੇਤੂ ਮੁਸਲਮਾਨਾਂ ਨੇ ਭਾਰਤ ਵਿੱਚ ਰਹਿ ਕੇ ਪੁਸਤਕਾਂ ਲਿਖੀਆਂ ਅਰਬੀ ਫਾਰਸੀ ਵਿੱਚ। ਉਹ ਕਿਤਾਬਾਂ ਜਾਣਕਾਰੀ ਤਾਂ ਕੋਈ ਦੇ ਸਕਦੀਆਂ ਹਨ। ਪਰ ਸਾਡੀ ਆਪਣੀ ਬੋਲੀ ਵਿੱਚ ਨਹੀਂ ਹਨ। 
ਇਸੇ ਤਰ੍ਹਾਂ ਬਹੁਤ ਸਾਰੇ ਗੋਰਿਆਂ ਨੇ ਅੰਗ੍ਰੇਜ਼ੀ ਵਿੱਚ ਕਿਤਾਬਾਂ ਲਿਖੀਆਂ। ਉਹਨਾਂ ਵਿੱਚ ਗਿਆਨ ਮਿਲਦਾ ਹੈ, ਪਰ ਸਾਡੀ ਬੋਲੀ ਵਿੱਚ ਨਹੀਂ ਹਨ। ਇਸੇ ਤਰ੍ਹਾਂ ਸੰਸਕ੍ਰਿਤ ਇਸ ਦੇਸ਼ ਦੀ ਬੋਲੀ ਨਹੀਂ ਹੈ। ਹਜਾਰਾਂ ਸਾਲ ਪਹਿਲਾਂ ਜਿਸ ਖਿੱਤੇ ਵਿੱਚੋਂ ਹਮਲਾਵਰ ਕਬੀਲੇ ਉØੱਠ ਕੇ ਆਏ ਸਨ, ਆਪਣੇ ਨਾਲ ਕੁੱਝ ਰੀਤੀ ਰਿਵਾਜ ਤੇ ਕੁੱਝ ਕੰਮ ਚਲਾਊ ਸੰਸਕ੍ਰਿਤ ਲਿਖਤੀ ਗ੍ਰੰਥ ਲਿਆਏ। 
ਜੇ ਸੰਸਕ੍ਰਿਤ ਉਹਨਾਂ ਲੋਕਾਂ ਦੀ ਮਾਤ ਬੋਲੀ ਹੁੰਦੀ ਤਾਂ ਉਹ ਮਰਦੀ ਕਦੇ ਨਾਂ। ਦੁਨੀਆਂ ਵਿੱਚ ਕੁੱਝ ਕਬੀਲੇ ਅਜਿਹੇ ਭੀ ਹਨ ਜਿਨਾ ਦੀ ਆਬਾਦੀ ਕੁੱਝ ਹਜ਼ਾਰ ਤੱਕ ਹੀ ਰਹਿ ਗਈ ਹੈ। ਫਿਰ ਭੀ ਉਹਨਾਂ ਦੀ ਮਾਤ ਬੋਲੀ ਜੀਵਤ ਹੈ।
ਪੁਰਾਤਨਤਾ ਦਾ ਢੋਲ ਬਹੁਤ ਵੱਜ ਗਿਆ ਹੈ। ਜਿਵੇਂ ਦੇਵਤੇ ਕਦੀ ਧਰਤੀ ਤੇ ਨਹੀਂ ਆਏ, ਤਿਵੇਂ ਭਾਰਤੀ ਧਰਤੀ ਦੀ ''ਦੇਵ ਬਾਣੀ ਸੰਸਕ੍ਰਿਤ'' ਆਪਣੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਦੇਵਤਿਆਂ ਦੀ ਬਾ-ਦਲੀਲ ਅਸਲੀਅਤ ਸਾਡੇ ਸਨਮੁੱਖ ਰੱਖ ਦਿੱਤੀ ਹੈ।
ਬ੍ਰਾਹਮਣ ਦੇ ਪਾਖੰਡ ਅਤੇ ਸਦੀਆਂ ਤੋਂ ਕੀਤੀ ਜਾ ਰਹੀ ਅੰਨ੍ਹੀ ਲੁੱਟ ਦਾ ਭਾਂਡਾ ਚੌਰਾਹੇ ਵਿੱਚ ਭੰਨ ਦਿੱਤਾ ਹੈ। ਵੇਦਾਂ ਦੀ ਵਿਚਾਰਧਾਰਾ ਨੇ ਮਨੁੱਖਤਾ ਵਿੱਚ ਵੰਡੀਆਂ ਤੇ ਵਿਹਲੜਪੁਣਾ ਪਾ ਦਿੱਤਾ ਹੈ। ਅਜਿਹੀ ਸਿੱਖਿਆ ਦੀ ਅੱਜ ਕੋਈ ਕੀਮਤ ਨਹੀਂ ਹੈ। ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਗੁਰਮੁੱਖੀ/ਪੰਜਾਬੀ ਵਿੱਚ ਉਚਾਰਣ ਕਰਕੇ ''ਦੇਵ ਬਾਣੀ'' ਸੰਸਕ੍ਰਿਤ ਨੂੰ ਗਲੋਂ ਲਾਹ ਦਿੱਤਾ ਹੈ। 
ਦੁਨੀਆਂ ਵਿੱਚ ਪੰਜਾਬੀ ਬੋਲਣ ਵਾਲੇ ਲੱਗਭਗ ਵੀਹ ਕਰੋੜ ਮਨੁੱਖ ਹਨ। ਤੇ ਦੇਵਬਾਣੀ ਨੂੰ ਬੋਲਣ ਵਾਲਾ ਕੋਈ ਇੱਕ ਪਰਿੰਦਾ ਤੱਕ ਨਹੀਂ। ਸੰਸਕ੍ਰਿਤ ਦਾ ਝੰਡਾ ਚੁੱਕੀ ਫਿਰ ਰਹੇ ਲੋਕ ਭੀ ਇਸ ਨੂੰ ਮਾਤਬੋਲੀ ਵਾਂਗ ਨਹੀਂ ਬੋਲਦੇ। ਕਾਂਸੀ ਦੀ ਵਿਦਿਆ ਬਾਰੇ ਗੁਰ ਵਾਕ -

ਕਾਂਸ਼ੀ ਤੇ ਧੁਨਿ ਉਪਜੈ ਧੁਨਿ ਕਾਂਸੀ ਜਾਈ।।
ਕਾਸੀ ਫੂਟੀ ਪੰਡਿਤਾ ਧੁਨਿ ਕਹਾ ਸਮਾਈ।। (857)
ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ।।
ਸਤਿਗੁਰ ਮਿਲਿਐ ਮਤਿ ਉਪਜੈ ਤਾ ਇਹ ਸੋਝੀ ਪਾਇ।।
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰਿ ਦੀਆ ਬੁਝਾਇ।।
ਅਠਸਠਿ ਤੀਰਥ ਤਿਸ ਸੰਗਿ ਰਹਹਿ ਜਿਨਿ ਹਰਿ ਹਿਰਦੈ ਰਹਿਆ ਸਮਾਇ।। (491)

ਬੜੇ ਦੁੱਖ ਦੀ ਗੱਲ ਹੈ ਮੁਸਲਮਾਨ ਤੇ ਹਿੰਦੂ ਪੰਜਾਬੀਆਂ ਨੇ ਬੜੀ ਬੇਹਯਾਈ ਨਾਲ ਪੰਜਾਬੀ ਮਾਂ ਬੋਲੀ ਤੋਂ ਮੂੰਹ ਮੋੜ ਲਿਆ ਹੈ। ਬੋਲੀ ਨੂੰ ਧਰਮ ਨਾਲ ਜੋੜ ਦਿੱਤਾ ਹੈ। ਕੁੱਝ ਬਹੁਤੇ ''ਮਾਡਰਨ ਲੋਕ'' ਲਗਾਤਾਰ ਰਟ ਲਾਈ ਜਾ ਰਹੇ ਹਨ ਕਿ ਅਸੀਂ ''ਪੰਜਾਬੀ ਕੌਮ ਤੇ ਪੰਜਾਬੀ ਬੋਲੀ'', ਪੰਜਾਬੀ ਸੱਭਿਅਤਾ ਨੂੰ ਪ੍ਰਫੁੱਲਤ ਕਰਨ ਦਾ ਯਤਨ ਕਰ ਰਹੇ ਹਾਂ। ਬੋਲੀ ਨੂੰ ''ਧਰਮ ਦੀ ਕੈਦ'' ਵਿਚ ਨਹੀਂ ਰਖਿਆ ਜਾ ਸਕਦਾ। 
ਸਨਿਮਰ ਬੇਨਤੀ ਹੈ ਕਿ ਅਗਰ ਪੰਜਾਬੀ ਜੀਵਨ ਵਿਚੋਂ ਸਿੱਖਾਂ ਦੀ ਸੂਰਮਗਤੀ ਕੱਢ ਦੇਈਏ, ਸਤਿਗੁਰੂ ਜੀ ਵੱਲੋਂ ਕੀਤੇ ਉਪਕਾਰ ਵਿਸਾਰ ਦੇਈਏ, ਤਾਂ ਪੰਜਾਬ ਵਿਚ ਅਰਾਜਕਤਾ, ਬੇਪਤੀ, ਕਾਇਰਤਾ ਅਤੇ ਗਦਾਰੀਆਂ ਤੋਂ ਸਿਵਾਏ ਹੋਰ ਕੀ ਹੈ?
ਇਸ ਪੰਜਾਬੀ ਬੋਲੀ ਨੂੰ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਲਿਖਕੇ ਅਮਰ ਬਣਾ ਦਿੱਤਾ। ਨੱਚਣ ਗਾਉਣ ਵਾਲੇ, ਭੰਡਾਂ ਵਰਗਾ ਜੀਵਨ ਬਤੀਤ ਕਰਨ ਵਾਲੇ ਪੰਜਾਬੀ ਸਿੱਖੀ ਧਾਰਨ ਕਰਕੇ ਸੰਸਾਰ ਦੇ ਸਿਰਮੌਰ ਸੂਰਮੇ ਹੋ ਨਿਬੜੇ। ਜੇ ਸਿੱਖ ਪੰਜਾਬੀ ਤੇ ਪੰਜਾਬ ਨੂੰ ਨਾਂ ਅਪਣਾਉਂਦੇ ਤਾਂ ਅੱਜ ਤੱਕ ਇਹ ਦੋਵੇਂ ਹਨੇਰੀਆਂ ਗੁਫਾਵਾਂ ਵਿਚ ਗਰਕ ਗਏ ਹੁੰਦੇ। ਸਿੱਖ ਅਕ੍ਰਿਤਘਣ ਨਹੀਂ ਬਣੇ। ਆਪਣਾ ਫਰਜ ਬਾਖੂਬੀ ਨਿਭਾਇਆ। ਪੰਜਾਬੀ ਬੋਲੀ ਅਤੇ ਸਿੱਖੀ ਨੂੰ ਅਲੱਗ ਰੱਖਿਆ ਹੀ ਨਹੀਂ ਜਾ ਸਕਦਾ ਇਹ ਦੋਵੇਂ ਇੱਕੋ ਸਿੱਕੇ ਦੇ ਪਾਸੇ ਹਨ।

ਪ੍ਰੋ: ਇੰਦਰ ਸਿੰਘ ਘੱਗਾ

ਪੋਸਟ ਕਰਤਾ: ਸੁਖਬੀਰ ਸਿੰਘ ਜੇਠੂਵਾਲ


Post Comment


ਗੁਰਸ਼ਾਮ ਸਿੰਘ ਚੀਮਾਂ